ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਜੁਲਾਈ
ਕੌਮੀ ਇਨਸਾਫ਼ ਮੋਰਚਾ ਜ਼ਿਲ੍ਹਾ ਇਕਾਈ ਦੀ ਮੀਟਿੰਗ 14 ਜੁਲਾਈ ਨੂੰ ਸਵੇਰੇ 11 ਵਜੇ ਜੈਨ ਭਵਨ ਹਾਲ ਨੇੜੇ ਫੁਹਾਰਾ ਚੌਂਕ ਵਿੱਖੇ ਹੋਵੇਗੀ ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ ਦੇ ਇਨਸਾਫ਼ ਅਤੇ ਕੋਟਕਪੂਰਾ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਲੀਕੇ ਪ੍ਰੋਗਰਾਮ ਬਾਰੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਮੈਂਬਰ ਤਾਲਮੇਲ ਕਮੇਟੀ ਨੇ ਦੱਸਿਆ ਕਿ ਤਕਰੀਬਨ
ਢਾਈ ਸਾਲ ਪਹਿਲਾਂ 7 ਜਨਵਰੀ 2023 ਤੋਂ ਚਲ ਰਹੇ ਮੋਰਚੇ ਦੀ ਸਫ਼ਲਤਾ ਲਈ ਜਥੇਬੰਦੀ ਵੱਲੋਂ ਵੱਡੇ ਪੱਧਰ ’ਤੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ 4 ਅਗਸਤ ਨੂੰ ਜ਼ਿਲ੍ਹਾ ਡੀਸੀ ਦਫ਼ਤਰ ਅੱਗੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੁਖੀਆਂ ਦੇ ਪੁੱਤਲੇ ਫੂਕੇ ਜਾਣਗੇ ਅਤੇ 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨਸਾਫ਼ ਮੋਰਚੇ ਵਿੱਚ ਜ਼ਿਲ੍ਹਾ ਵਾਰ ਸੰਗਤ ਦੀ ਹਾਜ਼ਰੀ ਵਧਾਉਣ ਲਈ ਯਤਨ ਤੇਜ਼ ਕਰਨ ਬਾਰੇ ਮੀਟਿੰਗ ਵਿੱਚ ਫ਼ੈਸਲਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਆਮ ਸੰਗਤ ਨੂੰ ਨਾਲ ਲੈਕੇ ਸੰਘਰਸ਼ ਤੇਜ਼ ਕਰਨ ਸਬੰਧੀ ਵਿਚਾਰ ਵਟਾਂਦਰਾ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧਾਰਨ ਕੀਤੀ ਨੀਤੀ ਕਾਰਨ ਸੰਗਤ ਦਾ ਰੋਸ ਲਗਾਤਾਰ ਵੱਧ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਤੁਰੰਤ ਕਾਰਵਾਈ ਕਰਕੇ ਮਸਲੇ ਹੱਲ ਕਰਾਉਣ।