ਸ੍ਰੀਨਗਰ ਤੋਂ ਪੁੱਜਣ ਵਾਲੇ ਨਗਰ ਕੀਰਤਨ ਦਾ ਹੋਵੇਗਾ ਸ਼ਾਨਦਾਰ ਸਵਾਗਤ: ਕਟਾਰੂਚੱਕ
ਕੈਬਨਿਟ ਮੰਤਰੀ ਵੱਲੋਂ ਸਡ਼ਕਾਂ ਦੇ ਨਵੀਨੀਕਰਨ ਦੇ ਨੀਂਹ ਪੱਥਰ
ਇਥੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਚੋਹਾਣਾ ਅਤੇ ਘਰੋਟਾ ਖੁਰਦ ਵਿੱਚ ਸੜਕਾਂ ਦੇ ਨਵੀਨੀਕਰਨ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਨੂੰ ਸਮਰਪਿਤ ਸ੍ਰੀਨਗਰ ਤੋਂ ਸ਼ੁਰੂ ਹੋਇਆ ਨਗਰ ਕੀਰਤਨ 20 ਅਕਤੂਬਰ ਨੂੰ ਜ਼ਿਲ੍ਹਾ ਪਠਾਨਕੋਟ ਦੇੇ ਮਾਧੋਪੁਰ ਵਿੱਚ ਦਾਖਲ ਹੋਵੇਗਾ, ਜਿੱਥੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਅਤੇ ਪੰਜਾਬ ਪੁਲੀਸ ਵੱਲੋਂ ਗਾਰਡ ਆਫ ਆਨਰ ਦਿੱਤਾ ਜਾਵੇਗਾ। ਬਾਅਦ ਵਿੱਚ ਇਹ ਨਗਰ ਕੀਰਤਨ ਮਾਧੋਪੁਰ ਤੋਂ ਸੁਜਾਨਪੁਰ-ਮਲਿਕਪੁਰ, ਮਲਿਕਪੁਰ ਤੋਂ ਟੈਂਕ ਚੌਂਕ, ਗੁਰਦਾਸਪੁਰ ਰੋਡ, ਲਾਈਟਾਂ ਵਾਲਾ ਚੌਂਕ, ਢਾਂਗੂ ਰੋਡ ਤੋਂ ਹੁੰਦੇ ਹੋਏ ਐਸਡੀ ਕਾਲਜ ਪਠਾਨਕੋਟ ਵਿਖੇ ਪੁੱਜੇਗਾ। ਇਸ ਨਗਰ ਕੀਰਤਨ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ, ਪੰਜ ਪਿਆਰੇ ਸਾਹਿਬਾਨ ਅਤੇ 500-600 ਦੇ ਕਰੀਬ ਸੰਗਤ ਸ਼ਾਮਲ ਹੋਵੇਗੀ। ਇਸ ਤੋਂ ਪਹਿਲਾਂ ਇੱਕ ਦਿਨ ਸਪੋਰਟਸ ਸਟੇਡੀਅਮ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਇਆ ਜਾਵੇਗਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਠਾਕੁਰ ਮਨੋਹਰ ਸਿੰਘ, ਜ਼ਿਲਾ ਪ੍ਰਧਾਨ ਬੀਸੀ ਵਿੰਗ ਨਰੇਸ਼ ਕੁਮਾਰ ਸੈਣੀ, ਸੰਗਠਨ ਸਕੱਤਰ ਪਵਨ ਕੁਮਾਰ ਫੌਜੀ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਪਿੰਡ ਚੋਹਾਣਾਂ ਦੇ ਸਰਪੰਚ ਅਸ਼ੋਕ ਸਰਮਾ, ਸਰਪੰਚ ਸੰਜੀਵ ਕੁਮਾਰ ਆਦਿ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਪਿੰਡ ਚੋਹਾਣਾ ਵਿਖੇ ਦੋ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਵਿੱਚ ਚੋਹਾਣਾ ਤੋਂ ਚੌਂਤਾ ਪਿੰਡ ਦੀ ਸੜਕ ਅਤੇ ਘਰੋਟਾ ਤੋਂ ਚੋਹਾਣਾਂ ਦੀਆਂ ਸੜਕਾਂ ਸ਼ਾਮਲ ਹਨ। ਇਨ੍ਹਾਂ ਉਪਰ ਕਰੀਬ 88 ਲੱਖ ਰੁਪਏ ਖਰਚ ਆਉਣਗੇ।