ਮੁਖਵਿੰਦਰ ਸਿੰਘ ਪਵਾਰ ਭਵਿੱਖ ਵਿੱਚ ਪਰਮਾਣੂ ਵਿਗਿਆਨੀ ਬਣ ਨਿਭਾਏਗਾ ਸੇਵਾਵਾਂ
ਮਾਤਾ ਪਿਤਾ ਨੂੰ ਹੈ ਪੁੱਤਰ ਦੀ ਪ੍ਰਾਪਤੀ ’ਤੇ ਮਾਣ
ਮੁਖਵਿੰਦਰ ਸਿੰਘ ਪਵਾਰ ਨੇ ਵਿਦੇਸ਼ ਦੀ ਧਰਤੀ ਤੇ ਵਿਗਿਆਨ ਦੇ ਖੇਤਰ ਵਿੱਚ ਉੱਚ ਵਿੱਦਿਆ ਪ੍ਰਾਪਤ ਕਰ ਪੰਜਾਬ ਅਤੇ ਮਾਤਾ ਪਿਤਾ ਨਾਮ ਰੌਸ਼ਨ ਕੀਤਾ ਹੈ।ਮੁਖਵਿੰਦਰ ਦੀ ਮਾਣਮੱਤੀ ਪ੍ਰਾਪਤੀ ਸਬੰਧੀ ਗੱਲਬਾਤ ਕਰਦਿਆ ਮੁਖਵਿੰਦਰ ਸਿੰਘ ਦੇ ਪਿਤਾ ਪ੍ਰਗਟ ਸਿੰਘ ਪਵਾਰ ਅਤੇ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਮੁਖਵਿੰਦਰ ਨੇ ਸਖ਼ਤ ਮਿਹਨਤ ਕਰਦੇ ਹੋਏ ਸੇਂਟ ਮੈਰੀ ਯੂਨੀਵਰਸਿਟੀ ਹੈਲੀਫੈਕਸ ਕੈਨੇਡਾ ਤੋਂ ਪਰਮਾਣੂ ਭੌਤਿਕ ਵਿਗਿਆਨ (ਨਿਊਕਲੀਅਰ ਫਿਜ਼ਿਕਸ) ਵਿੱਚ ਪੀਐਚਡੀ (ਡਾਕਟਰੇਟ) ਦੀ ਡਿਗਰੀ ਪ੍ਰਾਪਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਉਸਨੇ ਆਪਣੀ ਪੀਐਚਡੀ ਦੌਰਾਨ ਵਿਸ਼ਵ ਪੱਧਰੀ ਲੈਬ ਤ੍ਰਿਮੁਫ (Trimuph) ਵੈਨਕੂਵਰ ਵਿੱਚ ਰਿਸਰਚਰ ਵਜੋਂ ਵੀ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਉਸਨੇ ਆਪਣੀ ਮੁੱਢਲੀ ਸਿੱਖਿਆ ਗੋਇੰਦਵਾਲ ਸਾਹਿਬ ਤੋਂ ਪ੍ਰਾਪਤ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਭੌਤਿਕ ਵਿਗਿਆਨ ਅਤੇ ਇਲੈਕਟ੍ਰਾਨਿਕਸ ਵਿੱਚ ਆਪਣੀ ਬੈਚਲਰ ਅਤੇ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਮੁਖਵਿੰਦਰ ਦੇ ਪਿਤਾ ਪ੍ਰਗਟ ਸਿੰਘ ਪਵਾਰ ਨੇ ਪੁੱਤਰ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦੇ ਆਖਿਆ ਕਿ ਮੁਖਵਿੰਦਰ ਭਵਿੱਖ ਵਿੱਚ ਇੱਕ ਪਰਮਾਣੂ ਵਿਗਿਆਨੀ ਦੇ ਤੌਰ ’ਤੇ ਸੇਵਾ ਨਿਭਾਏਗਾ।

