ਐੱਮਟੀਪੀ ਵਿਭਾਗ ਨੇ ਨਾਜਾਇਜ਼ ਉਸਾਰੀ ਢਾਹੀ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 3 ਜੁਲਾਈ
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਨਿਰਦੇਸ਼ਾਂ ’ਤੇ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਦਿਆਂ ਨਗਰ ਨਿਗਮ ਦੇ ਐਮ.ਟੀ.ਪੀ ਵਿਭਾਗ ਵੱਲੋਂ ਕੁਈਨਜ਼ ਰੋਡ ’ਤੇ ਅਲੈਗਜੈਂਡਰਾ ਸਕੂਲ ਦੇ ਸਾਹਮਣੇ ਕੀਤੀ ਜਾ ਰਹੀ ਨਾਜਾਇਜ ਉਸਾਰੀ ਨੂੰ ਢਾਹਿਆ ਗਿਆ। ਅੱਜ ਦੀ ਇਹ ਕਾਰਵਾਈ ਏ.ਟੀ.ਪੀ ਪਰਮਿੰਦਰਜੀਤ ਸਿੰਘ ਬਿਲਡਿੰਗ ਇੰਸਪੈਕਟਰ ਮੁਨੀਸ਼ ਅਰੋੜਾ ਅਤੇ ਕਰਮਚਾਰੀਆਂ ਵੱਲੋਂ ਅਮਲ ਵਿੱਚ ਲਿਆਂਦੀ ਗਈ।
ਕਮਿਸ਼ਨਰ ਗੁਲਪ੍ਰੀਤ ਸਿੰਘ ਨੇ ਦਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਨੂੰ ਰੋਕਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਐੱਮ.ਟੀ.ਪੀ ਵਿਭਾਗ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਹਰ ਨਾਜਾਇਜ਼ ਬਿਲਡਿੰਗ ਨੂੰ ਬਕਾਇਦਾ ਨੋਟਿਸ ਦਿੱਤਾ ਜਾਵੇ। ਜੇਕਰ ਚਿਤਾਵਨੀ ਦੇਣ ਦੇ ਬਾਵਜੂਦ ਉਸਾਰੀਕਰਤਾ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਬਣਦੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਕੁਵੀਨਜ਼ ਰੋਡ ਸਾਹਮਣੇ ਸਕੂਲ ਵਿੱਚ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਵਿਰੁੱਧ ਐੱਮ.ਟੀ.ਪੀ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਜਾਇਜ਼ ਉਸਾਰੀ ਲਈ ਵਿਭਾਗ ਵੱਲੋਂ ਪਹਿਲਾਂ ਹੀ ਨੋਟਿਸ ਦਿੱਤੇ ਗਏ ਸਨ ਅਤੇ ਇਕ ਮਹੀਨਾ ਪਹਿਲੇ ਵੀ ਇਸ ਬਿਲਡਿੰਗ ਨੂੰ ਤੋੜਿਆ ਗਿਆ ਸੀ, ਪਰ ਉਸਾਰੀਕਰਤਾ ਵੱਲੋਂ ਬਿਨਾਂ ਪਰਵਾਹ ਕੀਤੇ ਲਗਾਤਾਰ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਸੀ। ਇਸ ਕਰਕੇ ਅੱਜ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਬਿਲਡਿੰਗ ਦੀ ਉਸਾਰੀ ਤੋਂ ਪਹਿਲਾਂ ਨਗਰ ਨਿਗਮ ਪਾਸੋਂ ਨਕਸ਼ਾ ਪਾਸ ਕਰਵਾਉਣਾ ਲਾਜ਼ਮੀ ਹੈ ਅਤੇ ਨਿਯਮਾਂ ਦੀ ਉਲਘੰਣਾ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।