ਸਾਢੇ ਪੰਜ ਕਿਲੋ ਤੋਂ ਵੱਧ ਹੈਰੋਇਨ, ਪਿਸਤੌਲ ਤੇ ਡਰੋਨ ਬਰਾਮਦ
ਇਥੇ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਪੰਜ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੌਰਾਨ ਇੱਕ ਹੋਰ ਵੱਖਰੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 570 ਗ੍ਰਾਮ ਹੈਰੋਇਨ, ਇਕ ਗਲੌਕ ਪਿਸਤੌਲ, ਇੱਕ ਡਰੋਨ ਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਘਰਿੰਡਾ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੰਜ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਯੋਗਰਾਜ ਸਿੰਘ ਵਾਸੀ ਪਿੰਡ ਅਟਲਗੜ੍ਹ ਅਤੇ ਗੁਰਜੀਤ ਸਿੰਘ ਵਾਸੀ ਪਿੰਡ ਡੁੱਲਟ ਜ਼ਿਲ੍ਹਾ ਗੁਰਦਾਸਪੁਰ ਵੱਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਡੀਐੱਸਪੀ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਕਾਰਵਾਈ ਕਰਦਿਆਂ ਯੋਗਰਾਜ ਸਿੰਘ ਅਤੇ ਗੁਰਜੀਤ ਸਿੰਘ ਦੋਵਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਵਿਅਕਤੀ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਹਨ। ਇਹਨਾਂ ਵੱਲੋਂ ਪਾਕਿਸਤਾਨ ਤੋਂ ਹੈਰੋਇਨ ਦੀ ਇਕ ਇੱਕ ਖੇਪ ਮੰਗਵਾਈ ਗਈ ਹੈ ਅਤੇ ਉਹ ਇਸ ਨੂੰ ਸਪਲਾਈ ਕਰਨ ਲਈ ਜਾ ਰਹੇ ਹਨ। ਪੁਲੀਸ ਨੇ ਥਾਣਾ ਘਰਿੰਡਾ ਵਿੱਚ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁੱਛ-ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਮੁਲਜ਼ਮਾਂ ਦੀ ਜਾਇਦਾਦ ਦੀ ਵੀ ਸ਼ਨਾਖਤ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਆਕਾਸ਼ਦੀਪ ਸਿੰਘ ਵਾਸੀ ਥਾਣਾ ਲੋਪੋਕੇ ਅਤੇ ਅਮਨਦੀਪ ਸਿੰਘ ਵਾਸੀ ਪਿੰਡ ਲੋਧੀ ਗੁੱਜਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 570 ਗ੍ਰਾਮ ਹੈਰੋਇਨ, ਇੱਕ ਗਲੋਕ ਪਿਸਤੌਲ, ਇੱਕ ਡਰੋਨ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ 5 ਜੁਲਾਈ ਨੂੰ ਡੀਐੱਸਪੀ ਅਜਨਾਲਾ ਦੀ ਅਗਵਾਈ ਹੇਠ ਸਪੈਸ਼ਲ ਸੈਲ ਦੀ ਟੀਮ ਨੇ ਰਵਿੰਦਰ ਸਿੰਘ ਉਰਫ ਰਿੱਕੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਇਕ ਕਿਲੋ 227 ਗਰਾਮ ਆਈਸ ਡਰੱਗ ਅਤੇ ਇੱਕ ਗਲੌਕ ਪਿਸਤੌਲ ਬਰਾਮਦ ਕੀਤੀ ਸੀ। ਜਾਂਚ ਦੌਰਾਨ ਮੁਲਜ਼ਮ ਵੱਲੋਂ ਕੀਤੇ ਗਏ ਇੰਕਸ਼ਾਫ ਦੌਰਾਨ ਉਸ ਦੇ ਹੋਰ ਸਾਥੀਆਂ ਬਾਰੇ ਜਾਣਕਾਰੀ ਮਿਲੀ ਸੀ। ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਇਕ ਕਿਲੋ 227 ਗ੍ਰਾਮ ਆਈਸ ਡਰੱਗ, 570 ਗ੍ਰਾਮ ਹੈਰੋਇਨ, ਦੋ ਪਿਸਤੌਲ, ਇੱਕ ਡਰੋਨ ਅਤੇ ਇੱਕ ਕਾਰ ਬਰਾਮਦ ਕੀਤੀ ਜਾ ਚੁੱਕੀ ਹੈ।
ਕਿੱਲੋ ਹੈਰੋਇਨ ਸਣੇ ਦੋ ਕਾਬੂ
Advertisementਦੀਨਾਨਗਰ(ਕੇਪੀ ਸਿੰਘ): ਇਥੇ ਦੋਰਾਂਗਲਾ ਪੁਲੀਸ ਨੇ ਇੱਕ ਕਿੱਲੋ 68 ਮਿਲੀਗਰਾਮ ਹੈਰੋਇਨ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ। ਡੀਐੱਸਪੀ ਰਾਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਪੁਲੀਸ ਪਾਰਟੀ ਦੇ ਨਾਲ ਪਿੰਡ ਦੇ ਠਾਕੁਰਪੁਰ ਮੋੜ ’ਤੇ ਲਾਏ ਨਾਕੇ ਦੌਰਾਨ ਰਾਮਪੁਰ ਪਿੰਡ ਵੱਲੋਂ ਆਉਂਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਦੀ ਪਿਛਲੀ ਸੀਟ ’ਤੇ ਬੈਠਾ ਇੱਕ ਵਿਅਕਤੀ ਕਾਰ ਤੋਂ ਹੇਠਾਂ ਉੱਤਰਿਆ ਅਤੇ ਨੇੜਲੇ ਗੰਨੇ ਦੇ ਖੇਤ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਿਆ। ਕਾਰ ਵਿੱਚ ਬੈਠੇ ਦੋ ਵਿਅਕਤੀਆਂ ਦੀ ਤਲਾਸ਼ੀ ਲਈ ਗਈ। ਡਰਾਈਵਰ ਦੀ ਸੀਟ ਹੇਠੋਂ 1 ਕਿੱਲੋ 68 ਮਿਲੀਗਰਾਮ ਹੈਰੋਇਨ ਦੇ ਪੈਕੇਟ ਬਰਾਮਦ ਹੋਏ। ਕਾਰ ਸਵਾਰ ਮੁਲਜ਼ਮ ਓਮਕਾਰ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਰਾਮਪੁਰ ਕਲੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਭੱਜਣ ਵਿੱਚ ਕਾਮਯਾਬ ਹੋਣ ਵਾਲਾ ਵਿਅਕਤੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਚੱਕਰੀ ਸੀ। ਦੋਰਾਂਗਲਾ ਥਾਣੇ ਵਿੱਚ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਰਿਮਾਂਡ ਲੈਣ ਤੋਂ ਬਾਅਦ ਪੁੱਛ-ਪੜਤਾਲ ਕੀਤੀ ਜਾਵੇਗੀ।