ਅੱਜ ਇਥੇ ਵਿਧਾਨ ਸਭਾ ਹਲਕਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ ਦੇ ਨੇੜਲੇ ਇਲਾਕੇ ਦਾ ਦੌਰਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਈ ਬਾਰਿਸ਼ਾਂ ਹੋਣ ਕਰਕੇ ਪਿੱਛੋਂ ਪਾਣੀ ਛੱਡਿਆ ਗਿਆ ਹੈ ਜੋ ਕਿ ਅੱਜ ਰਾਤ ਤੱਕ ਅਜਨਾਲਾ ਰਾਵੀ ਦਰਿਆ ਵਿੱਚ ਪਹੁੰਚ ਜਾਵੇਗਾ। ਇਸ ਲਈ ਉਹ ਸੁਚੇਤ ਰਹਿਣ ਅਤੇ ਦਰਿਆ ਪਾਰ ਖੇਤੀ ਕਰਨ ਲਈ ਬਿਲਕੁਲ ਨਾ ਜਾਣ।
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਦੇ ਕਮਾਲਪੁਰਾ ਚੌਕੀ ਦਾ ਦੌਰਾ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੱਛੋਂ ਇਕ ਲੱਖ 25 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਕਿ ਅੱਜ ਰਾਤ 10 ਵਜੇ ਤੱਕ ਇੱਥੇ ਪਹੁੰਚ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਪ੍ਰੰਤੂ ਜਿਆਦਾ ਪਾਣੀ ਆਉਣ ਕਰਕੇ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਸ੍ਰੀ ਧਾਲੀਵਾਲ ਨੇ ਕਿਹਾ ਕਿ ਦੋ ਸਾਲ ਪਹਿਲਾਂ ਵੀ ਪਾਣੀ ਜ਼ਿਆਦਾ ਆਉਣ ਕਰਕੇ ਹੜ੍ਹ ਆਏ ਸਨ ਅਤੇ ਕਾਫੀ ਨੁਕਸਾਨ ਝੱਲਣਾ ਪਿਆ ਸੀ। ਉਨ੍ਹਾਂ ਕਿਹਾ ਕਿ ਜੋ ਖਬਰਾਂ ਆ ਰਹੀਆਂ ਹਨ ਕਿ ਪਿੱਛੋਂ ਪਾਣੀ ਜ਼ਿਆਦਾ ਛੱਡਣ ਕਰਕੇ ਫਿਰ ਇਹ ਸਥਿਤੀ ਬਣ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਰਿਆ ਪਾਰ ਖੇਤਾਂ ਵਿੱਚ ਨਾ ਜਾਣ ਅਤੇ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ ਤਾਂ ਜੋ ਜਾਨ ਮਾਲ ਦੀ ਰਾਖੀ ਹੋ ਸਕੇ ।
ਉਨ੍ਹਾਂ ਦੱਸਿਆ ਕਿ ਜਦੋਂ ਵੀ ਇਸ ਹਲਕੇ ਦੇ ਦਰਿਆ ਵਿੱਚ ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਹੋ ਜਾਂਦਾ ਹੈ ਤਾਂ ਉਹ ਫਸਲਾਂ ਨੂੰ ਕਾਫੀ ਖਰਾਬ ਕਰਦਾ ਹੈ। ਉਨ੍ਹਾਂ ਕਿਹਾ,‘‘ਅਸੀਂ ਪ੍ਰਬੰਧ ਕੀਤੇ ਹੋਏ ਹਨ ਪਰ ਫਿਰ ਵੀ ਜ਼ਿਆਦਾ ਪਾਣੀ ਆਉਣ ਕਰਕੇ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ।’’ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਸੁਚੇਤ ਕਰਨ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇ।