ਮਿਸ਼ਨ ਚੜ੍ਹਦੀਕਲਾ ਮੁਹਿੰਮ: ਸਹਾਇਤਾ ਰਾਸ਼ੀ ਦੇ ਚੈੱਕ ਮੁੱਖ ਮੰਤਰੀ ਨੂੰ ਸੌਂਪੇ
ਵਰਲਡ ਵਾਈਡ ਗਰੁੱਪ ਵੱਲੋਂ ਪੰਜ ਲੱਖ, ਬਲ ਕਲਾਂ ਐਸੋਸੀਏਸ਼ਨ ਨੇ ਚਾਰ ਤੇ ਫੋਕਲ ਪੁਆਇੰਟ ਵੈੱਲਫੇਅਰ ਸੁਸਾਇਟੀ ਵੱਲੋਂ ਤਿੰਨ ਲੱਖ ਭੇਟ
ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਚਲਾਏ ਜਾ ਰਹੇ ਮਿਸ਼ਨ ਚੜ੍ਹਦੀਕਲਾ ਮੁਹਿੰਮ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਹਨ।
ਇਸ ਸਬੰਧ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੰਮ੍ਰਿਤਸਰ ਪੁੱਜਣ ’ਤੇ ਵਰਲਡ ਵਾਈਡ ਗਰੁੱਪ (ਮਹਿੰਦਰਾ ਏਜੰਸੀ) ਨੇ ਮਿਸ਼ਨ ਚੜ੍ਹਦੀ ਕਲ੍ਹਾ ਮੁਹਿੰਮ ਤਹਿਤ 5 ਲੱਖ ਰੁਪਏ, ਬਲ ਕਲਾਂ ਐਸੋਸੀਏਸ਼ਨ ਨੇ 4 ਲੱਖ ਰੁਪਏ ਅਤੇ ਫੋਕਲ ਪੁਆਇੰਟ ਵੈੱਲਫੇਅਰ ਸੁਸਾਇਟੀ ਨੇ 3 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬ ਦੀ ਹਰੇਕ ਸੰਸਥਾ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਮਿਸ਼ਨ ਚੜ੍ਹਦੀਕਲਾ ਮੁਹਿੰਮ ਤਹਿਤ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ।
ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਮੇਅਰ ਨਗਰ ਨਿਗਮ ਜਤਿੰਦਰ ਸਿੰਘ ਮੋਤੀ ਭਾਟੀਆ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐੱਸ ਡੀ ਐੱਮ ਗੁਰਸਿਮਰਨ ਸਿੰਘ, ਵਰਲਡ ਵਾਈਡ ਗਰੁੱਪ ਦੇ ਇੰਦਰਪ੍ਰੀਤ ਸਿੰਘ, ਬਲ ਕਲਾਂ ਅਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ, ਰਾਜਨ ਮਹਿਰਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।