ਫਿਰੌਤੀ ਮੰਗਣ ਵਾਲੇ ਗਰੋਹ ਦਾ ਮੈਂਬਰ ਪੁਲੀਸ ਮੁਕਾਬਲੇ ’ਚ ਜ਼ਖ਼ਮੀ
ਫਿਰੌਤੀ ਮੰਗਣ ਵਾਲੇ ਗਰੋਹ ਦਾ ਮੈਂਬਰ ਅਮਨਦੀਪ ਸਿੰਘ ਅੱਜ ਅੰਮ੍ਰਿਤਸਰ-ਅਟਾਰੀ ਬਾਈਪਾਸ ਰੋਡ ਨੇੜੇ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਹਥਿਆਰ ਬਰਾਮਦ ਕਰਨ ਲਈ ਮੌਕੇ ’ਤੇ ਲਿਜਾਇਆ ਗਿਆ ਸੀ। ਜਾਣਕਾਰੀ ਅਨੁਸਾਰ ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਹੈ ਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਇਸ ਦੌਰਾਨ ਉਸ ਦੇ ਖਿਲਾਫ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਮਨਦੀਪ ਉਨ੍ਹਾਂ ਸ਼ੂਟਰਾਂ ਵਿੱਚੋਂ ਇੱਕ ਸੀ, ਜਿਸ ਨੇ ਇੱਕ ਵਪਾਰੀ ਦੇ ਨਿਰਮਾਣ ਅਧੀਨ ਬੈਂਕੁਇਟ ਹਾਲ ਦੇ ਬਾਹਰ ਫਿਰੌਤੀ ਮਾਮਲੇ ਵਿੱਚ ਗੋਲੀ ਚਲਾਈ ਸੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਪੁਲੀਸ ਨੇ ਪਹਿਲਾਂ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ। ਸੈਦੋਕੇ ਪਿੰਡ ਦੇ ਅਮਨਦੀਪ ਸਿੰਘ ਤੋਂ ਇਲਾਵਾ ਪੁਲੀਸ ਨੇ ਮਹਿਤਾ ਦੇ ਸਿਮਰਤਪਾਲ ਸਿੰਘ, ਗੁਰਦਾਸਪੁਰ ਦੇ ਭੈਣੀ ਮੀਆਂ ਖਾਨ ਪਿੰਡ ਦੇ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਰਾਮਪੁਰਾ ਪਿੰਡ ਦੇ ਸਿਮਰਤਪਾਲ ਸਿੰਘ ਉਰਫ ਸਿਮਰਨ ਨੂੰ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਹਰਪ੍ਰੀਤ ਨੂੰ ਵੀ ਦੋ ਦਿਨ ਪਹਿਲਾਂ ਕੰਪਨੀ ਬਾਗ ਨੇੜੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਉਸ ਕੋਲੋ ਪੁੱਛ-ਪੜਤਾਲ ਮਗਰੋਂ ਹੋਏ ਖੁਲਾਸੇ ਤੋਂ ਬਾਅਦ ਅਮਨਦੀਪ ਨੂੰ ਪਿਸਤੌਲ ਬਰਾਮਦ ਕਰਨ ਲਈ ਮੌਕੇ ’ਤੇ ਲਿਜਾਇਆ ਗਿਆ ਸੀ। ਜਦੋਂ ਪੁਲੀਸ ਅਧਿਕਾਰੀ ਦਸਤਾਵੇਜ਼ੀ ਕਾਰਵਾਈ ਵਿੱਚ ਰੁੱਝੇ ਹੋਏ ਸਨ ਤਾਂ ਮੁਲਜ਼ਮ ਨੇ ਏਐੱਸਆਈ ਅਮਰੀਕ ਸਿੰਘ ਦਾ ਪਿਸਤੌਲ ਖੋਹ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਹਥਿਆਰ ਵਾਪਸ ਲੈਣ ਲਈ ਉਸ ਨਾਲ ਝਗੜਾ ਕੀਤਾ। ਇਸ ਦੌਰਾਨ ਇੱਕ ਗੋਲੀ ਅਮਨਦੀਪ ਦੀ ਸੱਜੀ ਲੱਤ ਵਿੱਚ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਸਬੰਧ ਵਿੱਚ ਸਦਰ ਪੁਲੀਸ ਸਟੇਸ਼ਨ ਵਿੱਚ ਅਮਨਦੀਪ ਵਿਰੁੱਧ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਸਬੰਧੀ ਇੱਕ ਨਵਾਂ ਕੇਸ ਦਰਜ ਕੀਤਾ ਹੈ। ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਪੁਲੀਸ ਨੇ ਉਨ੍ਹਾਂ ਦੇ ਸਪੇਨ ਸਥਿਤ ਸਾਥੀ ਸੁਖਦੇਵ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ ਜੋ ਮੂਲ ਰੂਪ ਵਿੱਚ ਰਾਮਪੁਰਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਸਿਮਰਤਪਾਲ ਸਿੰਘ ਦਾ ਭਰਾ ਹੈ। ਉਹ ਇੱਕ ਸਥਾਨਕ ਵਪਾਰੀ ਨੂੰ ਧਮਕੀ ਭਰੀਆਂ ਫਿਰੌਤੀ ਦੀਆਂ ਕਾਲਾਂ ਕਰ ਰਿਹਾ ਸੀ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਉਹ ਫਿਰੌਤੀ ਲਈ ਗੈਂਗਸਟਰ ਬੋਨੀ ਬਲ ਦੇ ਨਾਂ ਦੀ ਵਰਤੋਂ ਕਰ ਰਹੇ ਸਨ।