ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ
ਬੀਰਬਲ ਰਿਸ਼ੀ
ਧੂਰੀ, 6 ਜਨਵਰੀ
ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਜਥੇਬੰਦੀ ਦੇ ਸੀਨੀਅਰ ਆਗੂ ਅਮਰੀਕ ਸਿੰਘ ਘਨੌਰ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਈ ਹੋਰ ਕਿਸਾਨ ਮਸਲਿਆਂ ਤੋਂ ਇਲਾਵਾ 9 ਦੀ ਮੋਗਾ ਮਹਾਂ-ਪੰਚਾਇਤ ’ਚ ਸ਼ਮੂਲੀਅਤ ਲਈ ਵੱਖ-ਵੱਖ ਆਗੂ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਸਿੰਘ ਕੁੰਨਰ ਨੇ ਦੱਸਿਆ ਕਿ 9 ਦੀ ਮੋਗਾ ਮਹਾਪੰਚਾਇਤ ’ਚ ਕਿਸਾਨ ਕਾਫ਼ਲੇ ਦੇ ਰੂਪ ਵਿੱਚ ਕਾਤਰੋਂ ਦੀ ਦਾਣਾ ਮੰਡੀ ਤੋਂ ਵੱਖ-ਵੱਖ ਵਾਹਨਾਂ ਰਾਹੀਂ ਰਵਾਨਾ ਹੋਣਗੇ। ਉਨ੍ਹਾਂ ਸਰਕਾਰੀ ਹਾਈ ਸਕੂਲ ਮਾਹਮਦਪੁਰ ਦੇ ਸਾਇੰਸ ਅਧਿਆਪਕ ਜਗਜੀਤ ਸਿੰਘ ਕੁੱਟਮਾਰ ਮਾਮਲੇ ’ਚ ਸ਼ੇਰਪੁਰ ਪੁਲੀਸ ਦੇ ਕਥਿਤ ਪੱਖਪਾਤੀ ਰਵੱਈਏ ਤੇ ਜਨਤਕ ਆਗੂਆਂ ਦੀ ਗੱਲ ਨਾ ਸੁਣਨ ਵਿਰੁੱਧ 15 ਜਨਵਰੀ ਨੂੰ ਥਾਣਾ ਸ਼ੇਰਪੁਰ ਅੱਗੇ ਰੱਖੇ ਧਰਨੇ ’ਚ ਸ਼ਾਮਲ ਹੋਣ ਸਬੰਧੀ ਵੀ ਕਿਸਾਨ ਲਾਮਬੰਦੀ ਲਈ ਡਟ ਜਾਣ ਲਈ ਪ੍ਰੇਰਿਆ। ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂ ਰਣਧੀਰ ਸਿੰਘ ਧੀਰਾ, ਗੁਰਪ੍ਰੀਤ ਸਿੰਘ ਕਹੇਰੂ, ਜਗਤਾਰ ਸਿੰਘ ਘਨੌਰ, ਹਰਦਿਆਲ ਸਿੰਘ ਕਾਤਰੋਂ, ਗੁਰਸ਼ਰਨ ਸਿੰਘ ਰਾਜੋਮਾਜਰਾ, ਮਨਪ੍ਰੀਤ ਸਿੰਘ ਈਸਾਪੁਰ ਆਦਿ ਖਾਸ ਤੌਰ ’ਤੇ ਹਾਜ਼ਰ ਸਨ।