ਮੈਰੀਟੋਰੀਅਸ ਸਕੂਲ ਦੀਆਂ ਮਾਧਵੀ ਸਲਾਰੀਆ ਤੇ ਸਾਕਸ਼ੀ ਜਲੰਧਰ ਜ਼ਿਲ੍ਹੇ ’ਚੋਂ ਅੱਵਲ
ਹਤਿੰਦਰ ਮਹਿਤਾ
ਜਲੰਧਰ, 14 ਮਈ
ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵੱਲੋਂ ਅੱਜ ਦੁਪਹਿਰ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਕੂਲ, ਜਲੰਧਰ ਦੀਆਂ ਮਾਧਵੀ ਸਲਾਰੀਆ ਅਤੇ ਸਾਕਸ਼ੀ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਮਾਧਵੀ ਨੇ ਸੂਬੇ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ ਸਾਕਸ਼ੀ ਪੰਜਾਬ ਵਿੱਚ ਸੱਤਵਾਂ ਸਥਾਨ ਪ੍ਰਾਪਤ ਕੀਤਾ ਹੈ। ਜਲੰਧਰ ਦੇ ਕੁੱਲ 25 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਥਾਂ ਬਣਾਈ ਹੈ। 18926 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਦੋਂ ਕਿ 16780 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 88.66 ਪ੍ਰਤੀਸ਼ਤ ਰਹੀ। 23 ਜ਼ਿਲ੍ਹਿਆਂ ਵਿੱਚੋਂ, ਪਾਸ ਪ੍ਰਤੀਸ਼ਤਤਾ ਦੇ ਮਾਮਲੇ ਵਿੱਚ ਜਲੰਧਰ 17ਵੇਂ ਸਥਾਨ ’ਤੇ ਰਿਹਾ।
ਮਾਧਵੀ ਨੇ 500 ਵਿੱਚੋਂ 495 ਅੰਕ (99 ਪ੍ਰਤੀਸ਼ਤ) ਪ੍ਰਾਪਤ ਕੀਤੇ, ਜਦੋਂ ਕਿ ਸਾਕਸ਼ੀ ਨੇ ਨਾਨ ਮੈਡੀਕਲ ਸਟ੍ਰੀਮ ਵਿੱਚ 493 (98.6 ਪ੍ਰਤੀਸ਼ਤ) ਪ੍ਰਾਪਤ ਕੀਤੇ। ਇੱਕ ਕਿਸਾਨ ਦੀ ਧੀ ਮਾਧਵੀ ਪਠਾਨਕੋਟ ਦੇ ਪਿੰਡ ਆਈਮਾ ਗੁੱਜਰਾਂ ਦੀ ਰਹਿਣ ਵਾਲੀ ਹੈ। ਉਸਨੇ ਦੱਸਿਆ ਕਿ ਕਿਵੇਂ ਹਾਲ ਹੀ ਵਿੱਚ ਡਰੋਨ ਦੇ ਦੇਖੇ ਜਾਣ ਅਤੇ ਧਮਾਕਿਆਂ ਅਤੇ ਧਮਾਕਿਆਂ ਦੀਆਂ ਲਗਾਤਾਰ ਆਵਾਜ਼ਾਂ ਨੇ ਰੱਖਿਆ ਬਲਾਂ ਵਿੱਚ ਸ਼ਾਮਲ ਹੋਣ ਦੇ ਉਸਦੇ ਉਦੇਸ਼ ਨੂੰ ਹੋਰ ਮਜ਼ਬੂਤ ਬਣਾਇਆ। ਉਸ ਨੇ ਕਿਹਾ, ‘‘ਮੈਂ ਰੱਖਿਆ ਬਲਾਂ ਵਿੱਚ ਸ਼ਾਮਲ ਹੋ ਕੇ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ।’’ ਟਾਪਰ ਨੇ ਅੱਗੇ ਕਿਹਾ ਕਿ ਇਹ ਦੋ ਸਾਲਾਂ ਦੀ ਸਖ਼ਤ ਮਿਹਨਤ ਸੀ ਜਿੱਥੇ ਉਸਨੇ ਕੋਈ ਫ਼ੋਨ ਨਹੀਂ ਵਰਤਿਆ। ਸਾਕਸ਼ੀ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਅਤੇ ਇੱਕ ਪੇਂਟਰ ਦੀ ਧੀ ਹੈ। ਉਹ ਕੰਪਿਊਟਰ ਐਪਲੀਕੇਸ਼ਨਾਂ ਵਿੱਚ ਇੰਜਨੀਅਰਿੰਗ ਕਰਨਾ ਚਾਹੁੰਦੀ ਹੈ।
ਅਕਾਦਮਿਕ ਖੇਤਰ ਵਿੱਚ ਦਿਲਚਸਪੀ ਲੈਣ ਤੋਂ ਇਲਾਵਾ, ਸਾਕਸ਼ੀ ਦੇ ਸ਼ੌਕ ਵਿੱਚ ਗਾਉਣਾ ਅਤੇ ਨੱਚਣਾ ਵੀ ਸ਼ਾਮਲ ਹੈ।
ਤਰਨ ਤਾਰਨ ਦੇ ਸੱਤ ਵਿਦਿਆਰਥੀ ਮੈਰਿਟ ’ਚ
ਤਰਨ ਤਾਰਨ (ਗੁਰਬਖਸ਼ਪੁਰੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ਵਿੱਚ ਤਰਨ ਤਾਰਨ ਜ਼ਿਲ੍ਹੇ ਨੇ 93.78 ਫੀਸਦ ਪਾਸ ਪ੍ਰਤੀਸ਼ਤਤਾ ਪ੍ਰਾਪਤ ਕਰਕੇ ਸੂਬੇ ਵਿੱਚੋਂ ਛੇਵਾਂ ਸਥਾਨ ਹਾਸਲ ਕੀਤਾ ਹੈ| ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸਤਨਾਮ ਸਿੰਘ ਬਾਠ ਨੇ ਦਸਿਆ ਕਿ ਜ਼ਿਲ੍ਹੇ ਦੇ ਸੱਤ ਹੋਣਹਾਰ ਵਿਦਿਆਰਥੀਆਂ ਵਲੋਂ ਮੈਰਿਟ ਸੂਚੀ ਵਿੱਚ ਥਾਂ ਬਣਾਈ ਗਈ ਹੈ| ਇਨ੍ਹਾਂ ਵਿੱਚ ਸਿਮਰਨਜੀਤ ਕੌਰ ਸਕੂਲ ਆਫ਼ ਐਮੀਨੈਂਸ ਪੱਟੀ ਨੇ 491 ਅੰਕ (98.2 ਫੀਸਦ), ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ ਚਾਰ ਵਿਦਿਆਰਥੀਆਂ ਵਿੱਚੋਂ ਸੰਦੀਪ ਕੌਰ ਤੇ ਜਸਪ੍ਰੀਤ ਕੌਰ ਨੇ 488 (97.6 ਫੀਸਦ), ਕਰਨਬੀਰ ਕੌਰ ਤੇ ਹਰਮਨਬੀਰ ਸਿੰਘ ਨੇ 487 (97.4 ਫੀਸਦ) ਅੰਕ ਹਾਸਲ ਕੀਤੇ ਹਨ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀ ਤਨਵੀਰ ਕੌਰ ਅਤੇ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਬਾਲ ਦੀ ਕਮਲਪ੍ਰੀਤ ਕੌਰ ਨੇ 487 (97.4 ਫੀਸਦ) ਅੰਕ ਹਾਸਲ ਕੀਤੇ ਹਨ| ਜਿਲ੍ਹੇ ਵਿੱਚੋਂ ਪਹਿਲੇ ਸਥਾਨ ’ਤੇ ਆਉਣ ਵਾਲੀ ਸਿਮਰਨਜੀਤ ਕੌਰ ਨੂੰ ਮੁਬਾਰਕਾਂ ਮਿਲ ਰਹੀਆਂ ਹਨ|
ਅੰਮ੍ਰਿਤਸਰ ਦੇ 16 ਵਿਦਿਆਰਥੀ ਮੈਰਿਟ ’ਚ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਸ਼੍ਰੇਣੀ ਦੇ ਐਲਾਨੇ ਨਤੀਜੇ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੀ ਪਾਸ ਪ੍ਰਤੀਸ਼ਤਤਾ 96.29 ਫ਼ੀਸਦ ਰਹੀ ਜਦਕਿ 16 ਵਿਦਿਆਰਥੀ ਮੈਰਿਟ ਵਿੱਚ ਆਏ ਹਨ। ਜ਼ਿਲ੍ਹੇ ਦਾ ਨਤੀਜਾ ਸ਼ਾਨਦਾਰ ਰਹਿਣ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਿੱਥੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਿਹਨਤੀ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਗਈ ਉੱਥੇ ਹੀ ਉਨ੍ਹਾਂ ਪਾਸ ਹੋਏ ਸਮੁੱਚੇ ਵਿਦਿਆਰਥੀਆਂ ਨੂੰ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਜ਼ਿੰਦਗੀ ਵਿੱਚ ਹਮੇਸ਼ਾ ਹੀ ਮਿਹਨਤ ਦਾ ਲੜ੍ਹ ਫ਼ੜ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਭਗਵੰਤ ਸਿੰਘ ਵੜੈਚ ਨੇ ਦੱਸਿਆ ਕਿ ਸੈਸ਼ਨ 2024-25 ਦੀਆਂ ਬਾਰ੍ਹਵੀਂ ਸ਼੍ਰੇਣੀ ਦੀਆਂ ਹੋਈਆਂ ਪ੍ਰੀਖਿਆਵਾਂ ਦੇ ਬੋਰਡ ਵੱਲੋਂ ਅੱਜ ਐਲਾਨੇ ਨਤੀਜਿਆਂ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 96.29 ਫ਼ੀਸਦੀ ਰਹੀ ਹੈ ਜਦ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 16 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਨਾਂ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੈਰਿਟ ਵਿੱਚ ਆਏ ਵਿਦਿਆਰਥੀਆਂ ’ਚੋਂ ਛੇ ਵਿਦਿਆਰਥੀ ਸਰਕਾਰੀ, ਦੋ ਅਰਧ ਸਰਕਾਰੀ ਜਦਕਿ ਅੱਠ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨਾਲ ਸਬੰਧਿਤ ਹਨ।
ਕਮਾਹੀ ਦੇਵੀ ਸਕੂਲ ਨੇ ਰਵਾਇਤ ਬਰਕਰਾਰ ਰੱਖੀ, ਸਕੂਲ ਜ਼ਿਲ੍ਹੇ ਵਿੱਚੋਂ ਅਵੱਲ ਰਿਹਾ
ਤਲਵਾੜਾ (ਦੀਪਕ ਠਾਕੁਰ): ਨੀਮ ਪਹਾੜੀ ਕਸਬਾ ਕਮਾਹੀ ਦੇਵੀ ਵਿੱਚ ਸਥਿਤ ਪੀਐਮਸ੍ਰੀ ਸਸਸ ਸਕੂਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ’ਚ ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਕੇ ਰਵਾਇਤ ਨੂੰ ਬਰਕਾਰ ਰੱਖਿਆ ਹੈ। ਸਕੂਲ ਪ੍ਰਿੰਸੀਪਲ ਰਾਜੇਸ਼ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਪਰੀਨੀਤਾ ਨੇ 491/500 ਅੰਕ ਲੈ ਕੇ ਮੈਰਿਟ ਸੂਚੀ ਵਿਚ ਨੌਵਾਂ, ਅਰਸ਼ਿਤ ਰਾਣਾ ਨੇ 488 ਅੰਕਾਂ ਨਾਲ 12ਵਾਂ, ਪੁਨਿਕਾ ਨੇ 487 ਅੰਕਾਂ ਨਾਲ 13ਵਾਂ ਅਤੇ ਜੀਆ ਠਾਕੁਰ ਨੇ 486 ਅੰਕਾਂ ਨਾਲ ਪੰਜਾਬ ਭਰ ’ਚੋਂ 14ਵਾਂ ਰੈਂਕ ਹਾਸਲ ਕੀਤਾ। ਜ਼ਿਲਾ ਹੁਸ਼ਿਆਰਪੁਰ ’ਚੋਂ ਸਸਸ ਸਕੂਲ ਕਮਾਹੀ ਦੇਵੀ ਦੇ ਸਭ ਤੋਂ ਵਧ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਲਲਿਤਾ ਅਰੋੜਾ ਨੇ ਵੀ ਵਿਦਿਆਰਥੀਆਂ ਦੀ ਸ਼ਾਨਦਾਰ ਕਾਮਯਾਬੀ ’ਤੇ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਲੈਕ ਸੂਰਜ ਪ੍ਰਕਾਸ਼, ਵਿਜੈ ਕੁਮਾਰ ਸ਼ਰਮਾ, ਜਗਜੀਤ ਸਿੰਘ, ਸੰਦੀਪ ਸੈਣੀ, ਤਰਸੇਮ ਲਾਲ, ਅਰਪਨਾ ਚੌਧਰੀ, ਸਰਿਤਾ ਜੋਤਸਨਾ, ਪੂਨਮ ਬਾਲਾ, ਰੇਖਾ ਦੇਵੀ, ਸੀਮਾ, ਨਿਸ਼ੀ ਬਾਲਾ, ਮਨਦੀਪ ਕੌਰ, ਨੀਨਾ ਸ਼ਰਮਾ, ਜਸਵੀਰ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ। ਇਸੇ ਤਰ੍ਹਾਂ ਸਥਾਨਕ ਮੈਰੀਟੋਰੀਅਸ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਬੋਰਡ ਦੀ ਮੈਰਿਟ ਸੂਚੀ ਵਿੱਚ ਆਈਆਂ। ਸਕੂਲ ਪ੍ਰਿੰਸੀਪਲ ਸੁਨੀਲ ਮਹਿਰਾਲ ਨੇ ਦਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂਂ ਜਮਾਤ ਦੇ ਨਤੀਜਿਆਂ ’ਚ ਸਕੂਲ ਦੀ ਵਿਦਿਆਰਥਣ ਦਿਕਸ਼ਾ ਪੁੱਤਰੀ ਨੰਦ ਕਿਸ਼ੋਰ ਨੇ 490/500 ਅੰਕ ਅਤੇ ਸ੍ਰਿਸ਼ਟੀ ਡੋਗਰਾ ਪੁੱਤਰੀ ਨੇਵੀ ਚਾਟਕ ਨੇ 487 ਅੰਕਾਂ ਨਾਲ ਪੰਜਾਬ ਭਰ ’ਚੋਂ ਕ੍ਰਮਵਾਰ 10ਵਾਂ ਤੇ 13ਵਾਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ’ਚ 9ਵਾਂ ਤੇ 24ਵਾਂ ਰੈਂਕ ਹਾਸਲ ਕੀਤਾ ਹੈ। ਪ੍ਰਿੰਸੀਪਲ ਸੁਨੀਲ ਮਹਿਰਾਲ ਨੇ ਵਿਦਿਆਰਥਣਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ। 12ਵੀਂ ਬੋਰਡ ਪ੍ਰੀਖਿਆ ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁੱਲ 31 ਵਿਦਿਆਰਥੀ ਮੈਰਿਟ ਸੂਚੀ ਵਿਚ ਆਏ ਹਨ। ਜਿਨ੍ਹਾਂ ਵਿੱਚੋਂ ਬਲਾਕ ਤਲਵਾੜਾ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਕੁੱਲ 8 ਵਿਦਿਆਰਥੀਆਂ ਸ਼ਾਮਲ ਹਨ। ਇਸੇ ਤਰ੍ਹਾਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-1 ਦੇ ਸਾਇੰਸ ਗਰੁੱਪ ਦੇ ਦੋ ਵਿਦਿਆਰਥੀਆਂ ਨੇ ਮੈਰਿਟ ਸਥਾਨ ਹਾਸਲ ਕਰਕੇ ਇਲਾਕੇ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਜਤਿੰਦਰ ਕੁਮਾਰ ਨੇ ਦਸਿਆ ਕਿ ਵਿਦਿਆਰਥੀ ਅਨੁਜ ਕੁਮਾਰ ਅਤੇ ਅਮਰ ਗੁਪਤਾ ਨੇ ਸਾਇੰਸ ਵਿਸ਼ੇ ਵਿਚ 495/500 ਅੰਕ ਹਾਸਲ ਕਰਕੇ ਬੋਰਡ ਮੈਰਿਟ ’ਚ ਪੰਜਵਾਂ ਸਥਾਨ ਹਾਸਲ ਕੀਤਾ ਹੈ। ਜਦਕਿ ਜ਼ਿਲ੍ਹੇ ਪੱਧਰ ’ਤੇ ਅਨੁਜ ਕੁਮਾਰ ਨੇ ਦੂਜਾ ਅਤੇ ਅਮਰ ਗੁਪਤਾ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਪਿੰਡ ਹਲੇੜ੍ਹ ਦੇ ਵਸਨੀਕ ਅਨੁਜ ਕੁਮਾਰ ਦੇ ਤਾਇਆ ਪ੍ਰਿੰਸੀਪਲ ਰਾਮ ਪ੍ਰਕਾਸ਼ ਸਸਸ ਸਕੂਲ ਧਰਮਪੁਰ ਵਿਖੇ ਪੜ੍ਹਾਉਂਦੇ ਹਨ, ਜਦਕਿ ਪਿਤਾ ਰਾਕੇਸ਼ ਕੁਮਾਰ ਮਿਹਨਤ ਮਜ਼ਦੂਰੀ ਕਰਦੇ ਹਨ।