ਆਊਸਟੀ ਸੰਘਰਸ਼ ਕਮੇਟੀ ਦੇ ਵਫ਼ਦ ਵੱਲੋਂ ਨਿਗਰਾਨ ਇੰਜਨੀਅਰ ਨੂੰ ਪੱਤਰ
ਐੱਨਪੀ ਧਵਨ
ਪਠਾਨਕੋਟ, 20 ਜੂਨ
ਰੁਜ਼ਗਾਰ ਦੀ ਮੰਗ ਲਈ ਆਊਸਟੀ ਸੰਘਰਸ਼ ਕਮੇਟੀ ਦਾ ਇੱਕ ਵਫ਼ਦ ਬੈਰਾਜ ਡੈਮ ਦੇ ਨਿਗਰਾਨ ਇੰਜੀਨੀਅਰ ਕੁਲਵਿੰਦਰ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਜਸਵੰਤ ਸਿੰਘ ਸੰਧੂ, ਸੁਰਜੀਤ ਸਿੰਘ, ਵਿਨੋਦ ਸ਼ਰਮਾ, ਹਰਨਾਮ ਸਿੰਘ, ਸ਼ਾਮ ਲਾਲ, ਰੋਹਿਤ ਕੁਮਾਰ, ਪ੍ਰਵੀਨ ਅਤੇ ਕੁਲਦੀਪ ਸ਼ਰਮਾ ਸ਼ਾਮਲ ਸਨ।
ਆਗੂਆਂ ਨੇ ਬੈਰਾਜ ਡੈਮ ਦੇ ਐੱਸਈ ਨੂੰ ਦੱਸਿਆ ਕਿ ਸ਼ਾਹਪੁਰਕੰਢੀ ਬੈਰਾਜ ਡੈਮ ਲਈ ਜੋ ਝੀਲ ਦਾ ਨਿਰਮਾਣ ਹੋਇਆ ਹੈ, ਉਸ ਵਿੱਚ ਉਨ੍ਹਾਂ ਦੇ ਸੈਂਕੜਿਆਂ ਪਰਿਵਾਰਾਂ ਦੀ ਭੂਮੀ ਅਤੇ ਆਵਾਸ ਐਕੁਆਇਰ ਕੀਤੇ ਗਏ ਹਨ। ਰੀ-ਸੈਟਲਮੈਂਟ ਤੇ ਰਾਹਤ ਪਾਲਿਸੀ ਅਨੁਸਾਰ ਪ੍ਰਭਾਵਿਤ ਹੋਏ ਪਰਿਵਾਰਾਂ ਵਿੱਚੋਂ ਹਰੇਕ ਪਰਿਵਾਰ ਵਿੱਚੋਂ ਇੱਕ-ਇੱਕ ਮੈਂਬਰ ਨੂੰ ਰੁਜ਼ਗਾਰ ਦੇਣ ਦਾ ਪ੍ਰਾਵਧਾਨ ਹੈ ਪਰ ਬੈਰਾਜ ਡੈਮ ਪ੍ਰਸ਼ਾਸਨ ਨੇ ਸਾਰੇ ਨਿਯਮਾਂ ਨੂੰ ਪਾਲਿਸੀ ਵਿੱਚ ਮਨਮਰਜ਼ੀ ਨਾਲ ਇਤਰਾਜ ਲਗਾ ਕੇ ਰੁਜ਼ਗਾਰ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਫ਼ਦ ਨੇ ਮੰਗ ਕੀਤੀ ਕਿ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਪਾਲਿਸੀ ਅਨੁਸਾਰ ਰੁਜ਼ਗਾਰ ਅਤੇ ਮੁੜਵਸੇਬਾ ਮੁਆਵਜ਼ਾ ਦਿੱਤਾ ਜਾਵੇ।
ਨਿਗਰਾਨ ਇੰਜਨੀਅਰ ਕੁਲਵਿੰਦਰ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਸਬੰਧੀ ਜਲਦੀ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕਰ ਕੇ ਪ੍ਰਭਾਵਿਤ ਪਰਿਵਾਰਾਂ ਲਈ ਕੋਈ ਢੁੱਕਵਾਂ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।