ਲੈਂਡ ਪੂਲਿੰਗ ਨੀਤੀ: ਕੇਜਰੀਵਾਲ ਤੇ ਭਗਵੰਤ ਮਾਨ ਦੀ ਅਰਥੀ ਫੂਕੀ
ਇਲਾਕੇ ਦੇ ਪਿੰਡ ਚੁਤਾਲਾ ਦੇ ਗੁਰਦੁਆਰਾ ਧੰਨ-ਧੰਨ ਬਾਬਾ ਦੀਵਾਨ ਸਿੰਘ ਸ਼ਹੀਦ ਵਿੱਚ ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡਾ ਇਕੱਠ ਕਰ ਕੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਰਥੀ ਸਾੜੀ|
ਜ਼ੋਨ ਪ੍ਰਧਾਨ ਸਲਵਿੰਦਰ ਸਿੰਘ ਡਾਲੇਕੇ ਦੀ ਅਗਵਾਈ ਵਿੱਚ ਕੀਤੇ ਇਕੱਠ ਨੂੰ ਜਥੇਬੰਦੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਸਰਵਣ ਸਿੰਘ ਵਲੀਪੁਰ, ਸਲਵਿੰਦਰ ਸਿੰਘ ਦੁਗਲਵਾਲਾ, ਲਖਵਿੰਦਰ ਸਿੰਘ ਪਲਾਸੌਰ ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਬਾਰੇ ਕਿਸਾਨਾਂ ਅੰਦਰ ਭਰਮ ਪੈਦਾ ਕਰਨ ਲਈ ਤੇ ਉਨ੍ਹਾਂ ਦੇ ਸੰਘਰਸ਼ ਨੂੰ ਮੱਠਾ ਕਰਨ ਲਈ ਕੁਝ ਸ਼ਹਿਰਾਂ ਵਿੱਚ ਹੀ ਜ਼ਮੀਨ ਦੀ ਪੂਲਿੰਗ ਕਰਨ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ| ਆਗੂਆਂ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਰਾਖੀ ਕਰਨ ਲਈ ਜਾਗਰੂਕ ਰਹਿਣ ਲਈ ਕਿਹਾ| ਇਕੱਠ ਕਰਨ ਉਪਰੰਤ ਕਿਸਾਨਾਂ-ਮਜ਼ਦੂਰਾ ਨੇ ਇਲਾਕੇ ਅੰਦਰ ਵੱਖ-ਵੱਖ ਪਿੰਡਾਂ ਤੱਕ ਮੋਟਰਸਾਈਕਲ ਮਾਰਚ ਵੀ ਕੀਤਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਫ਼ਤਹਿ ਸਿੰਘ ਪਿੰਦੀ, ਸਤਨਾਮ ਸਿੰਘ ਖਾਹਿਰਾ, ਕੁਲਵਿੰਦਰ ਸਿੰਘ ਵਾਂ, ਮਹਿੰਦਰ ਸਿੰਘ ਚੁਤਾਲਾ, ਤਰਸੇਮ ਸਿੰਘ, ਸੁਖਵਿੰਦਰ ਕੌਰ, ਹਰਜੀਤ ਕੌਰ, ਮਾਸਟਰ ਤਾਰਾ ਸਿੰਘ, ਕੁਲਦੀਪ ਸਿੰਘ ਬੁੱਘਾ, ਤਰਸੇਮ ਸਿੰਘ ਕੱਦਗਿੱਲ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰ ਵੱਲੋਂ ਕਿਸਾਨ ਦੀ ਜ਼ਮੀਨ ਹੜੱਪਣ ਦੀਆਂ ਚਾਲਾਂ ਤੋਂ ਕਿਸਾਨ ਨੂੰ ਚੌਕਸ ਕੀਤਾ|