ਗੁਰਬਖਸ਼ਪੁਰੀ
ਤਰਨ ਤਾਰਨ, 29 ਜੂਨ
ਪੱਟੀ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਕੌਮੀ ਸ਼ਾਹ ਮਾਰਗ ਨੰਬਰ-54 ਨਾਲ ਜੋੜਨ ਵਾਲੀ 9 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਾਰਜ ਅੱਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸ਼ੁਰੂ ਕਰਵਾ ਦਿੱਤਾ ਹੈ। ਇਸ ਸੜਕ ਨੂੰ 2.78 ਕਰੋੜ ਰੁਪਏ ਨਾਲ ਬਣਾਇਆ ਜਾਵੇਗਾ। ਨੀਂਹ ਪੱਥਰ ਰੱਖਣ ਮਗਰੋਂ ਪਿੰਡ ਕਿਰਤੋਵਾਲ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਕੀਤੇ ਵਿਕਾਸ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਲਈ ਵਿਆਪਕ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਰੱਖੀ ਹੈ ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ| ਉਨ੍ਹਾਂ ਕਿਹਾ ਕਿ ਪਿੰਡ ਕਿਰਤੋਵਾਲ ਤੋਂ ਵਾਇਆ ਜਿੰਦਾਵਾਲਾ, ਰੱਤਾ ਗੁੱਦਾ, ਅਲੀਪੁਰ, ਬੂਹ ਹਵੇਲੀਆਂ ਤੋਂ ਹੁੰਦੀ ਹੋਈ ਧੱਤਲ ਨੈਸ਼ਨਲ ਹਾਈਵੇ-54 ਤੱਕ ਡਰੇਨ ਦੇ ਨਾਲ-ਨਾਲ ਬਣਨ ਵਾਲੀ ਲਗਪਗ 9 ਕਿਲੋਮੀਟਰ ਲੰਮੀ ਅਤੇ 10 ਫੁੱਟ ਚੌੜੀ ਸੜਕ ’ਤੇ 2.78 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਪੀਏ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋਂ, ਐੱਸਡੀਓ ਨਿਰਮਲ ਸਿੰਘ, ਐਕਸੀਅਨ ਦਵਿੰਦਰ ਪਾਲ ਸਿੰਘ, ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ|