ਸੁਜਾਨਪੁਰ ਦੇ ਪਿੰਡ ਡੱਡਵਾਂ ਦੀ 9ਵੀਂ ਕਲਾਸ ਦੀ 15 ਸਾਲਾਂ ਦੀ ਦੀਕਸ਼ਿਤ ਚਲੋਤਰਾ ਨੇ ਅੰਡਰ 15ਵੀਆਂ ਪਾਵਰ ਲਿਫਟਿੰਗ ਨੈਸ਼ਨਲ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਪਠਾਨਕੋਟ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਉਸ ਦੇ ਪਿੰਡ ਜਾ ਕੇ ਉਸ ਨੂੰ ਸਨਮਾਨਿਤ ਕੀਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਦੀਕਸ਼ਿਤ ਚਲੋਤਰਾ ਗਰੀਬ ਘਰ ਦੀ ਲੜਕੀ ਹੈ ਅਤੇ ਸ਼ਾਹਪੁਰਕੰਡੀ ਵਿਖੇ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ। ਇਸ ਮੌਕੇ ਬੰਸੀ ਲਾਲ, ਕ੍ਰਿਪਾਲ ਸਿੰਘ, ਗੋਵਿੰਦ, ਜੋਗਿੰਦਰ ਕੁਮਾਰ, ਰਾਕੇਸ਼ ਕੁਮਾਰ, ਪ੍ਰੇਮ ਕੁਮਾਰ, ਰਾਜੇਸ਼ ਕੁਮਾਰ, ਰਾਜ ਕੁਮਾਰ, ਬਿੱਟੂ, ਬਿੱਲੀ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਦੀਕਸ਼ਿਤ ਚਲੋਤਰਾ ਨੇ ਦੱਸਿਆ ਕਿ ਉਸ ਦਾ ਏਸ਼ੀਆ ਅਤੇ ਉਲੰਪਕਿਸ ਵਿੱਚ ਪੁੱਜਣ ਦਾ ਸੁਪਨਾ ਹੈ, ਇਸ ਕਰਕੇ ਪੰਜਾਬ ਸਰਕਾਰ ਨੂੰ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜਦ ਕਿ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਉਸ ਦੀ ਹਰ ਤਰ੍ਹਾਂ ਨਾਲ ਮੱਦਦ ਕਰਨ ਦਾ ਭਰੋਸਾ ਦਿੱਤਾ।