ਝਬਾਲ ਪੁਲੀਸ ਵੱਲੋਂ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼
ਝਬਾਲ ਪੁਲੀਸ ਨੇ ਇਲਾਕੇ ਦੇ ਪਿੰਡ ਨੂਰਪੁਰ ਵਿੱਚ ਨਾਜਾਇਜ਼ ਤੌਰ ’ਤੇ ਚਲਾਏ ਜਾ ਰਹੇ ਇਕ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕਰਦਿਆਂ ਇਸ ਕੇਂਦਰ ਦੇ ਸੰਚਾਲਕ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਦੋ ਹੋਰ ਸਾਥੀ ਮੌਕੇ ਤੋਂ ਫਰਾਰ ਹੋ ਗਏ। ਝਬਾਲ ਪੁਲੀਸ ਦੇ ਏਐਸਆਈ ਕਰਮ ਸਿੰਘ ਨੇ ਅੱਜ ਇਥੇ ਦੱਸਿਆ ਕਿ ਮੌਕੇ ਤੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਅੰਮ੍ਰਿਤਸਰ ਦੀ ਸੁਲਤਾਨਪੁਰ ਰੋਡ ਦੇ ਵਾਸੀ ਸੰਦੀਪ ਸਿੰਘ ਅਤੇ ਗੁਰੂ ਨਾਨਕ ਨਗਰ ਦੇ ਵਾਸੀ ਅਮਰਦੀਪ ਸਿੰਘ ਸ਼ਾਮਲ ਹਨ ਅਤੇ ਉਨ੍ਹਾਂ ਦੇ ਫਰਾਰ ਹੋ ਗਏ ਸਾਥੀਆਂ ਦੀ ਪਛਾਣ ਨੂਰਪੁਰ ਦੇ ਵਾਸੀ ਜੈਸਲ ਸਿੰਘ ਅਤੇ ਅੰਮ੍ਰਿਤਸਰ ਦੀ ਸੁਲਤਾਨਵਿੰਡ ਰੋਡ ਦੇ ਵਾਸੀ ਕੰਵਲਜੀਤ ਸਿੰਘ ਦੇ ਤੌਰ ਤੇ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਗੈਰ-ਕਾਨੂੰਨੀ ਤੌਰ ’ਤੇ ਇਹ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਮੁਲਜ਼ਮਾਂ ਨੇ 20 ਦੇ ਕਰੀਬ ਨੌਜਵਾਨਾਂ ਨੂੰ ਬੰਦੀ ਬਣਾਂ ਕੇ ਰੱਖਿਆ ਹੋਇਆ ਸੀ, ਜਿਨ੍ਹਾਂ ਨੂੰ ਉਹ ਆਪਣੀਆਂ ਨਸ਼ੀਲੀਆਂ ਦਵਾਈਆਂ ਦੇ ਕੇ ਉਨ੍ਹਾਂ ਨੂੰ ਖਤਰਨਾਕ ਦਵਾਈਆਂ ਦੇ ਆਦੀ ਬਣਾ ਰਹੇ ਸਨ। ਇਸ ਸਬੰਧੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।