ਬੈਂਕ ਮੈਨੇਜਰ ਦੇ ਘਰੋਂ ਗਹਿਣੇ ਤੇ ਹੋਰ ਸਾਮਾਨ ਚੋਰੀ
ਪੱਤਰ ਪ੍ਰੇਰਕ
ਪਠਾਨਕੋਟ, 23 ਜੂਨ
ਪਿੰਡ ਲਦਪਾਲਵਾਂ ਵਿੱਚ ਲੰਘੀ ਦੇਰ ਰਾਤ ਚੋਰਾਂ ਨੇ ਬੈਂਕ ਮੈਨੇਜਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਤੇ ਗਹਿਣੇ ਚੋਰੀ ਕਰ ਕੇ ਲੈ ਗਏ। ਘਟਨਾ ਦਾ ਪਤਾ ਲੱਗਦੇ ਸਾਰ ਹੀ ਪੀੜਤ ਪਰਿਵਾਰ ਨੇ ਤਾਰਾਗੜ੍ਹ ਪੁਲੀਸ ਕੋਲ ਸ਼ਿਕਾਇਤ ਦੇ ਦਿੱਤੀ ਹੈ।
ਪੀੜਤ ਔਰਤ ਪ੍ਰਭ ਨੇ ਕਿਹਾ ਕਿ ਉਹ ਆਪਣੇ ਪਤੀ ਸ਼ਰਨਜੀਤ ਸਿੰਘ ਨਾਲ ਆਪਣੇ ਰਿਸ਼ਤੇਦਾਰਾਂ ਦੇ ਘਰ ਗਈ ਹੋਈ ਸੀ ਅਤੇ ਘਰ ਵਿੱਚ ਕੇਵਲ ਉਸ ਦਾ ਸਹੁਰਾ ਸੋਹਨ ਸਿੰਘ ਅਤੇ ਸੱਸ ਰਾਜਕਰਨੀ ਸੀ। ਲੰਘੀ ਰਾਤ 2:30 ਵਜੇ ਦੇ ਕਰੀਬ 3 ਚੋਰ ਉਨ੍ਹਾਂ ਦੇ ਘਰ ਦਾਖਲ ਹੋਏ ਅਤੇ ਘਰ ਵਿੱਚੋਂ ਨਕਦੀ ਤੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਚੋਰ ਘਰ ਦੀ ਚਾਰਦੀਵਾਰੀ ਟੱਪ ਕੇ ਦਾਖਲ ਹੋਏ। ਇਹ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਉਸ ਅਨੁਸਾਰ ਕਰੀਬ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰੀ ਹੋਏ ਸਾਮਾਨ ਵਿੱਚ 700 ਅਮਰੀਕਨ ਡਾਲਰ, 7 ਹਜ਼ਾਰ ਰੁਪਏ ਨਕਦੀ, 30 ਹਜ਼ਾਰ ਦੇ ਮੁੱਲ ਦੀਆਂ 2 ਘੜੀਆਂ, 4 ਸੋਨੇ ਦੀਆਂ ਮੁੰਦਰੀਆਂ, 2 ਸੋਨੇ ਦੀਆਂ ਚੂੜੀਆਂ, ਚਾਂਦੀ ਦੇ ਕੰਗਣ ਤੇ ਝਾਂਜਰਾਂ, ਲੈਪਟਾਪ, ਡਿਜੀਟਲ ਮਸ਼ੀਨ ਆਦਿ ਸ਼ਾਮਲ ਹਨ। ਉਸ ਨੇ ਦੱਸਿਆ ਕਿ ਉਸ ਦੇ ਪਤੀ ਇੱਕ ਬੈਂਕ ਮੈਨੇਜਰ ਹਨ ਅਤੇ ਉਨ੍ਹਾਂ ਦੇ ਡਿਜੀਟਲ ਸਿਗਨੇਚਰ ਵਾਲਾ ਬੈਗ ਵੀ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਹੈ। ਇਸ ਦੀ ਸ਼ਿਕਾਇਤ ਥਾਣਾ ਤਾਰਾਗੜ੍ਹ ਦੀ ਪੁਲੀਸ ਨੂੰ ਦੇ ਦਿੱਤੀ ਗਈ ਹੈ। ਪੁਲੀਸ ਨੇ ਘਟਨਾ ਸਥਾਨ ਤੇ ਪੁੱਜ ਕੇ ਜਾਂਚ ਆਰੰਭ ਦਿੱਤੀ ਹੈ।