ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਜੂਨ
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਬਣੇ ਜੋੜੇ ਘਰ ਵਿੱਚ ਸੰਗਤ ਦੇ ਜੋੜਿਆਂ ਦੀ ਸੇਵਾ ਕੀਤੀ ਅਤੇ ਬੱਚਿਆਂ ਅਤੇ ਪਤਿਤ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਪ੍ਰੇਰਿਆ।
ਗੁਰੂ ਘਰ ਨਤਮਸਤਕ ਹੋਣ ਪੁੱਜੇ ਜਥੇਦਾਰ ਗੜਗੱਜ ਨੇ ਅੱਜ ਇੱਥੇ ਜੋੜਾ ਘਰ ਵਿੱਚ ਸੰਗਤਾਂ ਦੇ ਜੋੜਿਆਂ ਦੀ ਸੇਵਾ ਕੀਤੀ। ਇਹ ਸੇਵਾ ਕਰਦਿਆਂ ਉਨ੍ਹਾਂ ਨੇ ਗੁਰੂ ਘਰ ਨਤਮਸਤਕ ਹੋਣ ਵਾਲੀ ਸੰਗਤ ਨੂੰ ਗੁਰੂ ਦੀ ਬਾਣੀ ਅਤੇ ਬਾਣੇ ਨਾਲ ਜੁੜਨ ਵਾਸਤੇ ਵੀ ਪ੍ਰੇਰਿਆ। ਉਨ੍ਹਾਂ ਨੇ ਮਾਵਾਂ ਨਾਲ ਆਏ ਛੋਟੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਤੇ ਸਿੱਖੀ ਨਾਲ ਜੁੜੇ ਰਹਿਣ ਅਤੇ ਸਿੱਖ ਧਰਮ ਵਿੱਚ ਪ੍ਰਪੱਕ ਹੋਣ ਲਈ ਬੱਚਿਆਂ ਤੇ ਪਰਿਵਾਰਾਂ ਦੋਵਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਸੰਗਤ ਦੇ ਜੋੜਿਆਂ ਦੀ ਸੇਵਾ ਕਰਦਿਆਂ ਆਮ ਸੰਗਤ ਨਾਲ ਸੰਵਾਦ ਵੀ ਕੀਤਾ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਗੁਰੂ ਘਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਵੱਖ ਵੱਖ ਥਾਵਾਂ ’ਤੇ ਸੇਵਾ ਵਿੱਚ ਹਿੱਸਾ ਪਾ ਚੁੱਕੇ ਹਨ। ਉਹ ਕਈ ਵਾਰ ਪਰਿਕਰਮਾ ਵਿੱਚ ਲੱਗੀ ਛਬੀਲ ਤੇ ਜਲ ਵਰਤਾਉਣ ਅਤੇ ਲੰਗਰ ਘਰ ਵਿੱਚ ਵੀ ਸੇਵਾ ਕਰਕੇ ਸੰਗਤਾਂ ਨਾਲ ਨੇੜਤਾ ਤੇ ਸੰਵਾਦ ਕਰ ਚੁੱਕੇ ਹਨ।