ਪੱਤਰ ਪ੍ਰੇਰਕ
ਪਠਾਨਕੋਟ, 2 ਮਾਰਚ
ਬੱਚਿਆਂ ਨੂੰ ਸ਼ੁਰੂ ਤੋਂ ਹੀ ਖੇਡਾਂ ਵਿੱਚ ਤਿਆਰ ਕਰਨ ਲਈ ਪਠਾਨਕੋਟ ਜ਼ਿਲ੍ਹੇ ਅੰਦਰ ਪੰਜ ਖੇਡ ਨਰਸਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਪਿੰਡ ਭੋਆ ਵਿੱਚ ਬਾਕਸਿੰਗ ਤੇ ਬੈਡਮਿੰਟਨ ਲਈ 30 ਲੱਖ ਦੀ ਲਾਗਤ ਨਾਲ ਨਵੇਂ ਬਣਾਏ ਗਏ ਇਨਡੋਰ ਸਟੇਡੀਅਮ ਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਉਦਘਾਟਨ ਕਰਨ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਨਰੇਸ਼ ਕੁਮਾਰ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਸੈਲੀ ਸਰਮਾ ਤੇ ਬਲਾਕ ਪ੍ਰਧਾਨ ਰਜਿੰਦਰ ਭਿੱਲਾ, ਸਰਪੰਚ ਸੁਨੀਲ ਦੱਤ, ਪੰਚਾਇਤ ਮੈਂਬਰਜ਼ ਜਗਜੀਤ ਸਿੰਘ, ਕਰਮਚੰਦ, ਅੰਕੁਸ਼, ਰਾਮ ਮੂਰਤੀ, ਕੇਵਲ ਕ੍ਰਿਸ਼ਨ ਤੇ ਆਸ਼ਾ ਰਾਣੀ, ਸੰਜੀਵ ਸਰਮਾ, ਰਾਕੇਸ਼ ਸ਼ਰਮਾ, ਅੰਕੁਸ਼ ਕੁਮਾਰ, ਚੰਚਲ ਕੁਮਾਰ ਤੇ ਨਵਨੀਤ ਕੁਮਾਰ ਹਾਜ਼ਰ ਸਨ।
ਮੰਤਰੀ ਕਟਾਰੂਚੱਕ ਨੇ ਕਿਹਾ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਦੇ ਐਲਾਨ ਅਨੁਸਾਰ 5 ਖੇਡ ਨਰਸਰੀਆਂ ਜਲਦੀ ਹੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਹਾਕੀ ਅਤੇ ਅਥਲੈਟਿਕਸ ਪਠਾਨਕੋਟ ਸਪੋਰਟਸ ਸਟੇਡੀਅਮ ਵਿੱਚ, ਬਾਕਸਿੰਗ ਤੇ ਬੈਡਮਿੰਟਨ ਭੋਆ ਦੇ ਨਵੇਂ ਬਣਾਏ ਗਏ ਇਸ ਸਟੇਡੀਅਮ ਵਿੱਚ ਅਤੇ ਕੁਸ਼ਤੀਆਂ ਚੱਕਮਾਧੋ ਸਿੰਘ ਵਿੱਚ ਹੋਇਆ ਕਰਨਗੀਆਂ। ਇਹ ਸਭ ਕੁੱਝ ਮੁੱਖ ਮੰਤਰੀ ਪੰਜਾਬ ਦੀ ਖੇਡ ਨੀਤੀ ਤਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਉਭਰਦੇ ਨੌਜਵਾਨ ਫਾਇਦਾ ਉਠਾ ਸਕਣਗੇ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਜ਼ਿਲ੍ਹਾ ਪਠਾਨਕੋਟ ਦੇ 83 ਖਿਡਾਰੀਆਂ ਨੇ ਇਨਾਮ ਜਿੱਤੇ ਹਨ, ਜਿਨ੍ਹਾਂ ਨੂੰ ਜਲਦੀ ਹੀ ਨਕਦ ਇਨਾਮ ਦਿੱਤੇ ਜਾਣਗੇ।