ਚਾਲੂ ਭੱਠੀ ਸਣੇ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ
ਪੱਤਰ ਪ੍ਰੇਰਕ
ਤਰਨ ਤਾਰਨ, 3 ਜੂਨ
ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਤੋਂ ਪੁਲੀਸ ਨੇ ਬੀਤੇ ਕੱਲ੍ਹ ਚਾਲੂ ਭੱਠੀ ਸਮੇਤ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ| ਚੋਹਲਾ ਸਾਹਿਬ ਦੀ ਪੁਲੀਸ ਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਨੇ ਇਲਾਕੇ ਦੇ ਪਿੰਡ ਘੜਕਾ ਦੇ ਸਾਬਕ ਸਰਪੰਚ ਮਨਦੀਪ ਸਿੰਘ ਦੀ ਹਵੇਲੀ ਵਿੱਚੋਂ ਚਾਲੂ ਭੱਠੀ, 150 ਲਿਟਰ ਲਾਹਨ ਅਤੇ 12000 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ| ਪੁਲੀਸ ਦੇ ਏਐੱਸਆਈ ਗੁਰਦੇਵ ਸਿੰਘ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਹਿਤੇਸ਼ ਪ੍ਰਭਾਕਰ ਦੀ ਅਗਵਾਈ ਵਾਲੀ ਟੀਮ ਨੇ ਮੌਕੇ ਤੋਂ ਸ਼ਰਾਬ ਕੱਢਦੇ ਘੜਕਾ ਦੇ ਵਾਸੀ ਦਿਲਬਾਗ ਸਿੰਘ ਨੂੰ ਤਾਂ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਜਦਕਿ ਸਾਬਕ ਸਰਪੰਚ ਮਨਦੀਪ ਸਿੰਘ ਫਰਾਰ ਹੋ ਗਿਆ| ਇਸ ਦੇ ਨਾਲ ਹੀ ਥਾਣਾ ਝਬਾਲ ਦੇ ਏਐੱਸਆਈ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਪੱਕਾ ਕਿਲ੍ਹਾ ਝਬਾਲ ਦੇ ਵਾਸੀ ਨੂੰ ਪੰਜਵੜ੍ਹ ਪਿੰਡ ਦੇ ਮੋੜ ਤੋਂ 6750 ਐੱਮਐੱਲ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ| ਸਥਾਨਕ ਥਾਣਾ ਸਦਰ ਦੇ ਏਐੱਸਆਈ ਸੁਖਦੇਵ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਇਲਾਕੇ ਦੇ ਪਿੰਡ ਰਸੂਲਪੁਰ ਦੇ ਵਾਸੀ ਕਾਬਲ ਸਿੰਘ ਦੇ ਘਰੋਂ 15 ਲਿਟਰ ਲਾਹਣ ਅਤੇ 7500 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ| ਇਸ ਸਬੰਧੀ ਪੁਲੀਸ ਨੇ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਕੇਸ ਦਰਜ ਕੀਤੇ ਹਨ|