ਗੋਲਬਾਗ ਰੇਲਵੇ ਸਟੇਸ਼ਨ ਦੇ ਸਾਹਮਣਿਓਂ ਨਾਜਾਇਜ਼ ਖੋਖੇ ਹਟਾਏ
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਗਰ ਨਿਗਮ ਦੇ ਲੈਂਡ ਵਿਭਾਗ ਦੀ ਟੀਮ ਨੇ ਗੋਲਬਾਗ ਰੇਲਵੇ ਸਟੇਸ਼ਨ ਦੇ ਬਾਹਰ 6 ਨਾਜਾਇਜ਼ ਖੋਖਿਆਂ ਨੂੰ ਹਟਾ ਦਿੱਤਾ ਅਤੇ ਗਿਲਵਾਲੀ ਗੇਟ ਵਿੱਚ ਥਾਣਾ-ਸੀ ਡਿਵੀਜ਼ਨ ਦੇ ਸਾਹਮਣੇ ਨਿਗਮ ਦੀ ਸਰਕਾਰੀ ਥਾਂ ਨੂੰ ਵੀ ਕਬਜ਼ਾ ਮੁਕਤ ਕੀਤਾ। ਭਗਤਾਂ ਵਾਲਾ ਅਤੇ ਗੋਲਬਾਗ ਮੇਨ ਰੋਡ ’ਤੇ ਦੁਕਾਨਦਾਰਾਂ ਵੱਲੋਂ ਰੱਖਿਆ ਸਾਮਾਨ ਹਟਾਇਆ ਗਿਆ। ਇਸ ਮੌਕੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ, ਅਮਨ ਕੁਮਾਰ ਇੰਸਪੈਕਟਰ ਅਤੇ ਅਰੁਣ ਸਹਿਜ਼ ਪਾਲ ਤੋਂ ਇਲਾਵਾ ਪੁਲੀਸ ਦੀ ਟੀਮ ਸ਼ਾਮਲ ਸੀ। ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਸਾਫ-ਸੁਥਰਾ ਅਤੇ ਰਾਹਗੀਰਾਂ ਲਈ ਚੱਲਣ-ਯੋਗ ਬਣਾਉਣ ਲਈ ਨਗਰ ਨਿਗਮ ਵਲੋਂ ਇੱਕ ਮੁਹਿੰਮ ਤਹਿਤ ਨਾਜਾਇਜ਼ ਕਬਜ਼ਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਸ ਤਹਿਤ ਨਿਗਮ ਦੇ ਲੈਂਡ ਵਿਭਾਗ ਨੂੰ ਪੱਕੇ ਤੌਰ ’ਤੇ ਜੇਸੀਬੀ ਮਸ਼ੀਨ ਅਤੇ ਟਿੱਪਰ ਦੇ ਦਿੱਤੇ ਗਏ ਹਨ ਤਾਂ ਜੋ ਵਿਭਾਗ ਰੋਜ਼ਾਨਾ ਆਪਣੀਆਂ ਕਾਰਵਾਈਆਂ ਨੂੰ ਨੇਪਰੇ ਚਾੜ੍ਹ ਸਕੇ। ਉਨ੍ਹਾਂ ਕਿਹਾ ਕਿ ਗੋਲ ਬਾਗ ਰੇਲਵੇ ਸਟੇਸ਼ਨ ਦੇ ਸਾਹਮਣੇ ਕੁੱਝ ਲੋਕਾਂ ਵੱਲੋਂ ਨਾਜਾਇਜ਼ ਖੋਖਿਆਂ ਦੀ ਉਸਾਰੀ ਕੀਤੀ ਗਈ ਸੀ। ਜਿਨ੍ਹਾਂ ਨੂੰ ਅੱਜ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਡੇਗ ਦਿੱਤਾ ਹੈ ਅਤੇ ਸਾਮਾਨ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗਿਲਵਾਲੀ ਗੇਟ ਦੇ ਸਾਹਮਣੇ ਝੁੱਗੀਆਂ ਝੌਪੜੀਆਂ ਹਟਾਈਆਂ ਗਈਆਂ ਹਨ ਤੇ ਸਾਮਾਨ ਜ਼ਬਤ ਕੀਤਾ ਗਿਆ ਹੈ। ਭਗਤਾਂਵਾਲਾ ਅਤੇ ਗੋਲਬਾਗ ਨੇੜੇ ਦੁਕਾਨਦਾਰਾਂ ਵਲੋਂ ਸੜਕਾਂ ’ਤੇ ਸਾਮਾਨ ਲਗਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ, ਲੈਂਡ ਵਿਭਾਗ ਵਲੋਂ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਵੀ ਹਟਾ ਦਿੱਤਾ ਗਿਆ ਹੈ।