ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਜ਼ਿਲ੍ਹੇ ਦੇ ਪਿੰਡ ਕੜਿਆਲ ਵਿੱਚ 25 ਏਕੜ ਜ਼ਮੀਨ ਨਾਜਾਇਜ਼ ਕਾਬਜ਼ਕਾਰਾਂ ਦੇ ਕਬਜ਼ੇ ਵਿੱਚੋਂ ਛੁਡਵਾ ਕੇ ਪੰਚਾਇਤ ਨੂੰ ਸੌਂਪ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬੀਡੀਪੀਓ ਹਰਸ਼ਾ ਛੀਨਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਕਤ ਜ਼ਮੀਨ ਉੱਤੇ ਵੱਖ-ਵੱਖ ਲੋਕਾਂ ਨੇ ਬੀਤੇ ਲੰਮੇ ਸਮੇਂ ਤੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਅਤੇ ਇਸ ਸਬੰਧੀ ਡੀਡੀਪੀਓ ਦੀ ਅਦਾਲਤ ਨੇ ਧਾਰਾ 7 ਅਧੀਨ ਫੈਸਲਾ ਪੰਚਾਇਤ ਦੇ ਹੱਕ ਵਿੱਚ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅੱਜ ਕਾਨੂੰਨੀ ਤੌਰ ਉੱਤੇ ਦਖ਼ਲ ਵਾਰੰਟ ਲੈ ਕੇ ਮਹਿਕਮਾ ਮਾਲ ਅਤੇ ਪੁਲੀਸ ਦੀ ਸਹਾਇਤਾ ਨਾਲ ਸ਼ਾਂਤਮਈ ਤਰੀਕੇ ਨਾਲ ਇਹ ਜ਼ਮੀਨ ਨਾਜਾਇਜ਼ ਕਬਜ਼ੇ ਵਿੱਚੋਂ ਛੁਡਾ ਕੇ ਪੰਚਾਇਤ ਦੇ ਹਵਾਲੇ ਕਰ ਦਿੱਤੀ ਗਈ।
ਅੱਜ ਇਸ ਮੌਕੇ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਅਜਨਾਲਾ ਗੁਰਮੁਖ ਸਿੰਘ ਦੀ ਅਗਵਾਈ ਹੇਠ ਟੀਮ ਨੇ ਥਾਣਾ ਮੁਖੀ ਭਿੰਡੀ ਸੈਦਾਂ ਸਤਨਾਮ ਸਿੰਘ, ਕਾਨੂੰਗੋ ਹਰਵਿੰਦਰ ਕੁਮਾਰ, ਪੰਚਾਇਤ ਅਫਸਰ ਕੁਲਵਿੰਦਰ ਸਿੰਘ, ਸੰਮਤੀ ਪਟਵਾਰੀ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਸਾਰੇ ਕਬਜ਼ਕਾਰਾਂ ਕੋਲੋਂ ਜ਼ਮੀਨ ਖਾਲੀ ਕਰਵਾਈ ਅਤੇ ਪੰਚਾਇਤ ਦੇ ਸਪੁਰਦ ਕਰ ਦਿੱਤੀ ਹੈ।