ਪੁਲੀਸ ਅਤੇ ਬੀਐੱਸਐੱਫ ਦੀ ਸਾਂਝੀ ਟੀਮ ਨੇ ਸਰਹੱਦੀ ਖੇਤਰ ’ਚੋਂ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਸੁੱਟੀ ਗਈ ਤਿੰਨ ਕਿਲੋ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਥਾਣਾ ਖੇਮਕਰਨ ਦੀ ਪੁਲੀਸ ਅਤੇ ਬੀਐੱਸਐੱਫ ਦੀ ਸਾਂਝੀ ਟੀਮ ਨੇ ਬੀਓਪੀ ਹਰਦੀਪ ਮਹਿੰਦੀਪੁਰ ਪਿੰਡ ਨੇੜਿਓਂ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਇੱਕ ਪੈਕੇਟ ਵਿੱਚ ਸੀ ਅਤੇ ਡਰੋਨ ਰਾਹੀਂ ਪਾਕਿਸਤਾਨ ਵਾਲੇ ਪਾਸਿਓਂ ਸੁੱਟੀ ਗਈ ਸੀ। ਇਸ ਸਬੰਧੀ ਖੇਮਕਰਨ ਪੁਲੀਸ ਨੇ ਐੱਨਡੀਪੀਐੱਸ ਐਕਟ ਦੀ ਧਾਰਾ 21-ਸੀ, 61, 85 ਅਤੇ ਏਅਰ ਕਰਾਫਟ ਐਕਟ ਦੀ ਧਾਰਾ 10, 11 ਤੇ 12 ਤਹਿਤ ਕੇਸ ਦਰਜ ਕੀਤਾ ਹੈ| ਇਸੇ ਤਰ੍ਹਾਂ ਥਾਣਾ ਖਾਲੜਾ ਦੀ ਪੁਲੀਸ ਅਤੇ ਬੀਐੱਸਐੱਫ ਦੀ ਸਾਂਝੀ ਟੀਮ ਨੇ ਪਿੰਡ ਵਾਂ ਤਾਰਾਸਿੰਘ ਦੇ ਕਿਸਾਨ ਲਖਵਿੰਦਰ ਸਿੰਘ ਦੇ ਖੇਤਾਂ ’ਚੋਂ ਇੱਕ ਪਿਸਤੌਲ ਤੇ ਚਾਰ ਮੈਗਜ਼ੀਨ ਬਰਾਮਦ ਕੀਤੇ ਹਨ। ਇਹ ਵੀ ਇੱਕ ਪੈਕੇਟ ਵਿੱਚ ਸਨ ਅਤੇ ਪਾਕਿਸਤਾਨ ਵਾਲੇ ਪਾਸਿਓਂ ਸੁੱਟੇ ਗਏ ਸਨ।
ਸਵਾ ਦੋ ਕਿਲੋ ਹੈਰੋਇਨ ਤੇ ਗੱਡੀ ਸਣੇ ਚਾਰ ਕਾਬੂ
ਅਜਨਾਲਾ (ਪੱਤਰ ਪ੍ਰੇਰਕ): ਡੀਐੱਸਪੀ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਦੋ ਕਿਲੋ 200 ਗ੍ਰਾਮ ਹੈਰੋਇਨ ਅਤੇ ਡਸਟਰ ਗੱਡੀ ਸਮੇਤ ਚਾਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਡੀਐੱਸਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਗਜੀਤ ਸਿੰਘ ਉਰਫ਼ ਰਾਜਾ, ਸਨੀ ਮਸੀਹ, ਅਮਰੀਕ ਉਰਫ਼ ਬਿੱਲੂ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਮਿਲ ਕੇ ਵੱਡੇ ਪੱਧਰ ’ਤੇ ਹੈਰੋਇਨ ਦੀ ਤਸਕਰੀ ਕਰਦੇ ਹਨ। ਇਸ ਮਗਰੋਂ ਤੁਰੰਤ ਕਾਰਵਾਈ ਕਰਦਿਆਂ ਥਾਣਾ ਰਮਦਾਸ ਪੁਲੀਸ ਨੇ ਮੁਲਜ਼ਮਾਂ ਨੂੰ 2 ਕਿਲੋ 200 ਗ੍ਰਾਮ ਹੈਰੋਇਨ ਅਤੇ ਡਸਟਰ ਗੱਡੀ ਸਮੇਤ ਕਾਬੂ ਕਰ ਲਿਆ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਰਮਦਾਸ ਵਿੱਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।