ਤੇਜ਼ ਮੀਂਹ ਨਾਲ ਗੁਰਦਾਸਪੁਰ ’ਚ ਜਲ-ਥਲ
ਇੱਥੇ ਸਵੇਰੇ ਪਏ ਤੇਜ਼ ਮੀਂਹ ਕਾਰਨ ਗੁਰਦਾਸਪੁਰ ਸ਼ਹਿਰ ’ਚ ਜਲ-ਥਲ ਹੋ ਗਿਆ। ਗੀਤਾ ਭਵਨ ਰੋਡ, ਬੀਜ ਮਾਰਕੀਟ, ਹਨੂਮਾਨ ਚੌਕ, ਅੰਡਰਬ੍ਰਿਜ, ਕਬੂਤਰੀ ਗੇਟ, ਸਦਰ ਬਾਜ਼ਾਰ, ਜੇਲ੍ਹ ਰੋਡ, ਬਾਟਾ ਚੌਕ, ਮੱਛੀ ਬਾਜ਼ਾਰ ਅਤੇ ਤਿੱਬੜੀ ਰੋਡ ’ਤੇ ਪਾਣੀ ਖੜ੍ਹਾ ਹੋ ਗਿਆ ਤੇ ਨਿਕਾਸੀ ਨਾ ਹੋਣ ਕਾਰਨ ਕਾਫ਼ੀ ਸਮੇਂ ਤੱਕ ਸ਼ਹਿਰ ਵਾਸੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਕਈ ਸਰਕਾਰੀ ਇਮਾਰਤਾਂ ਅਤੇ ਦਫ਼ਤਰ ਵੀ ਪਾਣੀ ਵਿੱਚ ਡੁੱਬੇ ਨਜ਼ਰ ਆਏ। ਮੱਛੀ ਬਾਜ਼ਾਰ ਅਤੇ ਬਾਟਾ ਚੌਕ ਤੋਂ ਸਦਰ ਬਾਜ਼ਾਰ ਅਤੇ ਬੀਜ ਵਾਲੀ ਮਾਰਕੀਟ ਦੇ ਦੁਕਾਨਦਾਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਿਕਾਸੀ ਨਾ ਹੋਣ ਕਾਰਨ ਕੁਝ ਦੁਕਾਨਾਂ ਅੰਦਰ ਵੀ ਪਾਣੀ ਦਾਖਲ ਹੋ ਗਿਆ। ਮੁਕੇਰੀਆਂ ਰੋਡ ਤੇ ਰੇਲਵੇ ਅੰਡਰਬ੍ਰਿਜ ਵਿੱਚ ਖੜ੍ਹੇ ਪਾਣੀ ਕਾਰਨ ਕਈਆਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਬੱਚਿਆਂ ਨੂੰ ਦਸੂਆ ਲਿਜਾ ਰਹੀ ਇੱਕ ਸਕੂਲੀ ਬੱਸ ਪੁਲ ਹੇਠਾਂ ਪਾਣੀ ਕਾਰਨ ਬੰਦ ਹੋ ਗਈ ਜਿਸ ਨੂੰ ਜੇਸੀਬੀ ਨਾਲ ਕੱਢਿਆ ਗਿਆ। ਬਾਅਦ ਵਿੱਚ ਇਹ ਰਸਤਾ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਨੀਰਜ ਸਲਹੋਤਰਾ ਨੇ ਕਿਹਾ ਕਿ ਨਗਰ ਕੌਂਸਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਫ਼ੇਲ੍ਹ ਹੋਈ ਹੈ। ਅੱਜ ਮੀਂਹ ਦਾ ਪਾਣੀ ਵੜਨ ਨਾਲ ਲੋਕਾਂ ਦੀ ਦੁਕਾਨਾਂ ਤੇ ਘਰਾਂ ਦਾ ਜੋ ਮਾਲੀ ਨੁਕਸਾਨ ਹੋਇਆ ਹੈ, ਉਸ ਲਈ ਕਾਂਗਰਸ ਦੀ ਅਗਵਾਈ ਵਾਲੀ ਨਗਰ ਕੌਂਸਲ ਜ਼ਿੰਮੇਵਾਰ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਟਰੱਸਟੀ ਅਤੇ ਸੀਨੀਅਰ ਆਪ ਆਗੂ ਹਿਤੇਸ਼ ਮਹਾਜਨ, ਗਗਨ ਮਹਾਜਨ, ਰਾਕੇਸ਼ ਸ਼ਰਮਾ, ਰਿਸ਼ੀ, ਰੁਪੇਸ਼, ਕ੍ਰਿਸ਼ਨਾ, ਰਜਿੰਦਰ ਨਈਅਰ ਤੇ ਦਵਿੰਦਰ ਹੈਪੀ ਵੀ ਮੌਜੂਦ ਸਨ ।