ਤਰਨ ਤਾਰਨ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਦੇ ਅੱਜ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਨਾਲ ਹਲਕੇ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਨਾਲ ਤਬਦੀਲ ਹੋ ਗਏ ਹਨ| ਪਾਰਟੀ ਦੇ ਇਸ ਫ਼ੈਸਲੇ ਨਾਲ ‘ਆਪ’ ਦੇ ਹੀ ਉਨ੍ਹਾਂ ਆਗੂਆਂ ਨੂੰ ਡਾਢੀ ਸੱਟ ਵੱਜੀ ਹੈ ਜਿਹੜੇ ਬੀਤੇ ਕਰੀਬ 10 ਦਿਨ ਤੋਂ ਹਰਮੀਤ ਸਿੰਘ ਸੰਧੂ ਦੇ ‘ਆਪ’ ਵਿੱਚ ਸ਼ਾਮਲ ਤੇ ਤਰਨ ਤਾਰਨ ਤੋਂ ਹੋਣ ਵਾਲੀ ਉੱਪ ਚੋਣ ਲਈ ਪਾਰਟੀ ਦੇ ਉਮੀਦਵਾਰ ਬਣਾਏ ਜਾਣ ਖਿਲਾਫ਼ ਪ੍ਰਚਾਰ ਕਰਦੇ ਆ ਰਹੇ ਸਨ। ਪਾਰਟੀ ਦੇ ਇਨ੍ਹਾਂ ਆਗੂਆਂ ਨੇ ਇਸ ਥੋੜੇ ਜਿਹੇ ਅਰਸੇ ਦੌਰਾਨ ਤਰਨ ਤਾਰਨ ਹਲਕੇ ਦੀਆਂ ਕੰਧਾਂ ਆਪਣੀ ਇਸ਼ਤਿਹਾਰ ਬਾਜ਼ੀ ਨਾਲ ਭਰ ਦਿੱਤੀਆਂ ਸਨ| 1997 ਵਿੱਚ ਸੂਬੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਬਣੀ ਅਕਾਲੀ-ਭਾਜਪਾ ਦੀ ਸਰਕਾਰ ਵੇਲੇ ਸ਼ੁਰੂ ਕੀਤੇ ਆਪਣੇ ਸਿਆਸੀ ਸਫਰ ਤੇ ਜਦੋਂ ਉਨ੍ਹਾਂ ਨੂੰ 2002 ਦੀ ਚੋਣ ਵਿੱਚ ਅਕਾਲੀ ਦਲ ਨੇ ਟਿਕਟ ਨਾ ਦਿੱਤਾ ਤਾਂ ਉਨ੍ਹਾਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਜੇਤੂ ਰਹਿਣ ’ਤੇ ਵੀ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਬਾਅ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਦਿਆਂ ਅਕਾਲੀ ਦਲ ਵਿੱਚ ਹੀ ਸ਼ਾਮਲ ਹੋਣ ਨੂੰ ਪਹਿਲ ਦਿੱਤੀ ਜਿਸ ਨਾਲ ਉਹ ਬਾਦਲ ਪਰਿਵਾਰ ਦੇ ਨੇੜੇ ਹੋਣ ਵਿੱਚ ਸਫਲ ਰਹੇ। ਸਾਲ 2017 ਅਤੇ 2022 ਦੀ ਲਗਾਤਾਰ ਦੋ ਵਾਰ ਚੋਣ ਹਾਰ ਜਾਣ ਦੇ ਬਾਵਜੂਦ ਵੀ ਹਲਕੇ ਅੰਦਰ ਉਹ ਆਪਣਾ ਬਝਵਾਂ-ਮਜ਼ਬੂਤ ਕਾਡਰ ਕਾਇਮ ਰੱਖਣ ਕਰਕੇ ਹੀ ਅੱਜ ਉਹ ‘ਆਪ’ ਦੀ ਪਹਿਲੀ ਪਸੰਦ ਬਣੇ ਹਨ।