ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੈਲੀਫੋਰਨੀਆ ’ਚ ਕੈਂਪਸ ਖੋਲ੍ਹਣ ਦੀ ਪੇਸ਼ਕਸ਼
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 28 ਜੂਨ
ਵਿਦੇਸ਼ੀ ਯੂਨੀਵਰਸਿਟੀਆਂ ਜਿੱਥੇ ਭਾਰਤ ਵਿਚ ਆਪਣੇ ਕੈਂਪਸ ਸਥਾਪਤ ਕਰ ਰਹੀਆਂ ਹਨ, ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੈਲੀਫੋਰਨੀਆ (ਅਮਰੀਕਾ) ਵਿੱਚ ਆਪਣਾ ਆਫ਼ਸ਼ੋਰ ਕੈਂਪਸ ਸਥਾਪਤ ਕਰਨ ਦੀ ਯੋਜਨਾ ਨੂੰ ਸਿੰਡੀਕੇਟ ਦੀ ਮੀਟਿੰਗ ਵਿਚ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦਾ ਮੰਤਵ ਭਾਰਤ ਦੀ ਸਿੱਖਿਆ, ਸੰਸਕ੍ਰਿਤੀ ਅਤੇ ਨੈਤਿਕ ਮੁੱਲਾਂ ਨੂੰ ਵਿਸ਼ਵ ਪੱਧਰ ’ਤੇ ਲੈ ਕੇ ਜਾਣਾ ਹੈ । ਇਹ ਯੋਜਨਾ ਭਾਰਤ ਸਰਕਾਰ ਦੀ ਨੈਸ਼ਨਲ ਐਜੂਕੇਸ਼ਨ ਪਾਲਸੀ 2020 ਅਨੁਸਾਰ ਹੈ, ਜਿਸ ਦਾ ਉਦੇਸ਼ ਦੇਸ਼ ਦੀ ਸਿੱਖਿਆ ਤਾਕਤ ਨੂੰ ਵਿਸ਼ਵ ਪੱਧਰ ’ਤੇ ਉਭਾਰਨਾ ਹੈ। ਅੱਜ ਦੀ ਮੀਟਿੰਗ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਉਨ੍ਹਾਂ ਪਿਛਲੇ 6 ਮਹੀਨਿਆਂ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਕਰਮਜੀਤ ਸਿੰਘ ਨੇ ਵੱਖ-ਵੱਖ ਵਿਭਾਗਾਂ ਵਿਚ ਨਵੇਂ ਸ਼ੁਰੂ ਕੀਤੇ ਗਏ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕੈਨੇਡਾ ਅਤੇ ਅਮਰੀਕਾ ਵਿਚ ਆਪਣੇ ਵਿਦੇਸ਼ੀ ਦੌਰੇ ਦੌਰਾਨ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕੈਲੀਫੋਰਨੀਆ ਵਿਚ ਯੂਨੀਵਰਸਿਟੀ ਦਾ ਕੈਂਪਸ ਗੁਰੂ ਨਾਨਕ ਦੇਵ ਦੇ ਸਿਧਾਂਤਾਂ, ਨਿਮਰਤਾ, ਸੇਵਾ, ਸਮਾਨਤਾ ਅਤੇ ਗਿਆਨ ਉਤੇ ਆਧਾਰਿਤ ਵਿਦਿਆ ਦਾ ਪ੍ਰਸਾਰ ਕਰੇਗਾ ਅਤੇ ਇਹ ਭਾਰਤ ਦੀ ਆਰਥਿਕ, ਸੰਸਕ੍ਰਿਤਕ ਅਤੇ ਅਕਾਦਮਿਕ ਹਾਜ਼ਰੀ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਕਰੇਗਾ।
ਸਿੰਡੀਕੇਟ ਵੱਲੋਂ ਲਏ ਗਏ ਇੱਕ ਹੋਰ ਫ਼ੈਸਲੇ ਵਿਚ ਯੂਨੀਵਰਸਿਟੀ ਨੇ ਆਪਣੇ ਐਫੀਲੀਏਟਿਡ ਕਾਲਜਾਂ ਵਿੱਚ ਪੀਐਚ.ਡੀ. ਪ੍ਰੋਗਰਾਮਾਂ ਦੀ ਸ਼ੁਰੂਆਤ ਅਤੇ ਰਿਸਰਚ ਸੈਂਟਰਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਦੀ ਮੀਟਿੰਗ ਵਿਚ 54 ਖੋਜਾਰਥੀਆਂ ਨੂੰ ਪੀ. ਐਚ ਡੀ ਦੀਆਂ ਡਿਗਰੀਆਂ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਯੂਨੀਵਰਸਿਟੀ ਦੀ 50 ਵੀਂ ਸਾਲਾਨਾ ਕਾਨਵੋਕੇਸ਼ਨ ਦੌਰਾਨ ਅਲਰਟ ਇੰਟਰਪ੍ਰਾਈਜ਼ ਦੇ ਸੀ ਈ ਓ ਸ੍ਰ. ਜਸਬੀਰ ਗਿੱਲ ਨੂੰ ਆਨਰਜ਼ ਕਾਜ਼ਾ ਡਾਕਟਰੇਟ ਦੀ ਡਿਗਰੀ ਵੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।