ਗੁਰਤੇਜ ਸੰਧੂ ਵਿਸ਼ਵ ਦੇ 7ਵੇਂ ਸਭ ਤੋਂ ਵੱਡੇ ਖੋਜੀ ਵਜੋਂ ਉੱਭਰੇ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ. ਗੁਰਤੇਜ ਸੰਧੂ ਨੇ ਵਿਸ਼ਵ ਪੱਧਰ ’ਤੇ ਤਕਨੀਕੀ ਜਗਤ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਨਾਲ ਲਿਖਵਾ ਲਿਆ ਹੈ। 1,382 ਅਮਰੀਕੀ ਪੇਟੈਂਟਸ ਨਾਲ ਉਹ ਵਿਸ਼ਵ ਦੇ 7ਵੇਂ ਸਭ ਤੋਂ ਵੱਡੇ ਖੋਜੀ ਵਜੋਂ ਉਭਰੇ ਹਨ। ਮਾਈਕਰੋਨ ਟੈਕਨਾਲੋਜੀ ਵਿੱਚ ਸੀਨੀਅਰ ਫੈਲੋ ਅਤੇ ਵਾਈਸ ਪ੍ਰੈਜ਼ੀਡੈਂਟ ਵਜੋਂ ਕਾਰਜਸ਼ੀਲ ਡਾ. ਸੰਧੂ ਨੇ ਸੈਮੀਕੰਡਕਟਰ ਤਕਨੀਕ ਵਿੱਚ ਕ੍ਰਾਂਤੀਕਾਰੀ ਯੋਗਦਾਨ ਪਾਇਆ ਹੈ।
ਡਾ. ਸੰਧੂ ਦੀ ਯਾਤਰਾ ਜੀਐੱਨਡੀਯੂ ਤੋਂ ਸ਼ੁਰੂ ਹੋਈ, ਜਿੱਥੇ ਉਨ੍ਹਾਂ ਨੇ ਫਿਜ਼ਿਕਸ ਵਿੱਚ ਐੱਮਐੱਸਸੀ (ਆਨਰਜ਼) ਕੀਤੀ। ਉਹ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਸੰਸਥਾਪਕ ਮੁਖੀ ਪ੍ਰੋ. ਐੱਸਐੱਸ ਸੰਧੂ ਦੇ ਪੁੱਤਰ ਹਨ। ਅੰਮ੍ਰਿਤਸਰ ਵਿੱਚ ਉਨ੍ਹਾਂ ਦੀ ਸਿੱਖਿਆ ਨੇ ਉਨ੍ਹਾਂ ਦੇ ਸ਼ਾਨਦਾਰ ਕੈਰੀਅਰ ਦੀ ਨੀਂਹ ਰੱਖੀ।
ਜੀਐਨਡੀਯੂ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਡਾ. ਸੰਧੂ ਦੀਆਂ ਪ੍ਰਾਪਤੀਆਂ ਨੂੰ ਯੂਨੀਵਰਸਿਟੀ ਅਤੇ ਭਾਰਤ ਲਈ ਅਣਮੁੱਲਾ ਮਾਣ ਦੱਸਿਆ। 58 ਸਾਲ ਦੀ ਉਮਰ ਵਿੱਚ ਡਾ. ਗੁਰਤੇਜ ਸੰਧੂ ਮਾਈਕਰੋਨ ਟੈਕਨਾਲੋਜੀ ਵਿੱਚ ਡਿਜੀਟਲ ਕ੍ਰਾਂਤੀ ਨੂੰ ਅੱਗੇ ਵਧਾ ਰਹੇ ਹਨ।