ਰਾਵੀ ਦਰਿਆ ’ਚ ਆਏ ਹੜ੍ਹ ਦੇ ਪਾਣੀ ਵਿੱਚ ਕੋਹਲੀਆਂ ਲਾਗੇ ਹੋਈ ਭਾਰੀ ਤਬਾਹੀ ਨਾਲ ਬਹਾਦੁਰਪੁਰ ਪਿੰਡ ਦੇ 13 ਗੁੱਜਰ ਪਰਿਵਾਰਾਂ ਦੇ ਡੇਰੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਨ੍ਹਾਂ ਵਿੱਚੋਂ ਛੇ ਡੇਰੇ ਤਾਂ ਢੇਰੀ ਹੋ ਗਏ ਜਦ ਕਿ ਛੇ ਡੇਰਿਆਂ ਵਿੱਚ ਪਾਣੀ ਫਿਰ ਗਿਆ ਅਤੇ ਰੇਤਾ ਚੜ੍ਹ ਗਈ ਤੇ ਸਮਾਨ ਵੀ ਸਾਰਾ ਨਸ਼ਟ ਹੋ ਗਿਆ। ਜਦ ਕਿ ਹੜ੍ਹ ਦੇ ਪਾਣੀ ਵਿੱਚ ਭੇਡਾਂ, ਬੱਕਰੀਆਂ, ਕੱਟੀਆਂ ਅਤੇ ਘੋੜਿਆਂ ਤੱਕ ਰੁੜ੍ਹ ਗਏ।
ਹੜ੍ਹ ਸਮੇਂ ਬਚਾਈਆਂ ਗਈਆਂ ਮੱਝਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਹੁਣ ਧੁੱਸੀ ਬੰਨ੍ਹ ਤੇ ਅਤੇ ਨਰੋਟ ਜੈਮਲ ਸਿੰਘ ਦੀ ਮੰਡੀ ਦੇ ਸ਼ੈੱਡ ਵਾਲੀ ਜਗ੍ਹਾ ਡੇਰਾ ਲਗਾਇਆ ਹੋਇਆ ਹੈ ਤੇ ਤੰਬੂ ਲਗਾ ਕੇ ਬੈਠੇ ਹਨ। ਪ੍ਰਭਾਵਿਤ ਹੋਏ ਗੁੱਜਰ ਪਰਿਵਾਰਾਂ ਮੁਤਾਬਕ ਹੜ੍ਹ ਆਏ ਨੂੰ ਵੀ ਮਹੀਨਾ ਹੋ ਚੱਲਿਆ ਹੈ ਪਰ ਉਨ੍ਹਾਂ ਦੀ ਅੱਜ ਦਿਨ ਤੱਕ ਕਿਸੇ ਨੇ ਵੀ ਸਾਰ ਨਹੀਂ ਲਈ ਕਿ ਉਹ ਕਿਸ ਹਾਲ ਵਿੱਚ ਰਹਿ ਰਹੇ ਹਨ। ਜਦ ਕਿ ਮੰਡੀ ਵਾਲੇ ਵੀ ਉਨ੍ਹਾਂ ਨੂੰ ਸ਼ੈਡ ਵਾਲੀ ਜਗ੍ਹਾ ਤੋਂ ਉੱਠਣ ਲਈ ਕਹਿ ਰਹੇ ਹਨ ਕਿ ਹੁਣ ਮੰਡੀ ਵਿੱਚ ਉਨ੍ਹਾਂ ਦਾ ਝੋਨੇ ਦਾ ਸੀਜ਼ਨ ਆ ਗਿਆ ਹੈ ਤੇ ਮੰਡੀ ਲਗਾਉਣੀ ਹੈ, ਇਸ ਕਰਕੇ ਜਗ੍ਹਾ ਖਾਲੀ ਕਰ ਦਿਓ। ਪੀੜਤ ਗੁੱਜਰ ਔਰਤ ਰਾਣੋ ਨੇ ਦੱਸਿਆ ਕਿ ਉਨ੍ਹਾਂ ਦੇ ਛੇ ਮਕਾਨ ਤਾਂ ਬਿਲਕੁਲ ਹੀ ਢੇਰੀ ਹੋ ਗਏ ਹਨ। ਉਨ੍ਹਾਂ ਕੋਲ ਰਹਿਣ ਲਈ ਜਗ੍ਹਾ ਨਹੀਂ, ਬੈਠਣ ਲਈ ਜਗ੍ਹਾ ਨਹੀਂ, ਧੁੱਸੀ ’ਤੇ ਉਹ ਰਹਿ ਰਹੇ ਹਨ ਜਦ ਕਿ ਮੰਡੀ ਵਿੱਚੋਂ ਵੀ ਉਨ੍ਹਾਂ ਨੂੰ ਉਠਾਇਆ ਜਾ ਰਿਹਾ ਹੈ।
ਉਸ ਨੇ ਫਰਿਆਦ ਕੀਤੀ ਕਿ ਉਨ੍ਹਾਂ ਦਾ ਤਾਂ ਬਹੁਤ ਉਜਾੜਾ ਹੋ ਚੁੱਕਾ ਹੈ ਤੇ ਉਨ੍ਹਾਂ ਨੂੰ ਕੋਈ ਰਹਿਣ ਲਈ ਜਗ੍ਹਾ ਦਿੱਤੀ ਜਾਵੇ। ਮੁਸਲਿਮ ਭਲਾਈ ਮੰਚ ਪੰਜਾਬ ਦੇ ਕਨਵੀਨਰ ਮੁਹੰਮਦ ਸ਼ਫੀ ਚੇਚੀ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ, ਇਹ ਖੁੱਲ੍ਹੇ ਅਸਮਾਨ ਹੇਠਾਂ ਰਹਿ ਰਹੇ ਹਨ ਅਤੇ ਨਾ ਹੀ ਇਨ੍ਹਾਂ ਕੋਲ ਉੱਥੇ ਕੋਈ ਲਾਈਟ ਦਾ ਪ੍ਰਬੰਧ ਹੈ, ਇਸ ਕਰਕੇ ਇਨ੍ਹਾਂ ਨੂੰ ਮੁਆਵਜ਼ਾ ਅਤੇ ਰਹਿਣ ਲਈ ਜਗ੍ਹਾ ਦਿੱਤੀ ਜਾਵੇ।