ਗੁ: ਬਾਬਾ ਸਾਵਣ ਮੱਲ ਦੀ ਖਸਤਾ ਹਾਲਤ ਸੁਧਾਰਨ ਦੇ ਆਦੇਸ਼ ਠੰਡੇ ਬਸਤੇ ਵਿੱਚ; ਸੰਗਤ ਚ ਰੋਸ !
ਇੱਕ ਸਾਲ ਪਹਿਲਾਂ ਪ੍ਰਧਾਨ ਧਾਮੀ ਨੇ ਦਿੱਤੇ ਸੀ ਆਦੇਸ਼
ਦੋ ਸਾਲ ਪਹਿਲਾਂ ਆਮਦਨ ਨਾ ਹੋਣ ਕਾਰਨ ਇਤਿਹਾਸਕ ਗੁਰਦੁਆਰਾ ਬਾਬਾ ਸਾਵਣ ਮੱਲ ਦੀ ਸਾਂਭ-ਸੰਭਾਲ ਨਾ ਹੋਣ ਦਾ ਮੁੱਦਾ ਪੰਜਾਬੀ ਟ੍ਰਿਬਿਊਨ ਵੱਲੋਂ ਪ੍ਰਮੁੱਖਤਾ ਨਾਲ ਉਜਾਗਰ ਹੋਣ ਤੋਂ ਬਾਅਦ ਹਰਕਤ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਗੁਰਦੁਆਰਾ ਬਾਬਾ ਸਾਵਣ ਮੱਲ ਜੀ ਦੇ ਬੰਦ ਕਿਵਾੜ ਖੁਲਵਾਏ ਗਏ।
ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸਾਫ-ਸਫਾਈ ਕਰਵਾਉਣ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਦੇ ਨਵੀਨੀਕਰਨ ਲਈ ਆਦੇਸ਼ ਜਾਰੀ ਕੀਤੇ ਗਏ ਜੋ ਇੱਕ ਸਾਲ ਬੀਤਣ ਦੇ ਬਾਵਜੂਦ ਵੀ ਪੂਰੇ ਨਹੀ ਹੋ ਸਕੇ।
ਜਿਸ ਨੂੰ ਲੈ ਕਿ ਇਸ ਅਸਥਾਨ ਦੇ ਦਰਸ਼ਨ ਕਰਨ ਆਉਣ ਵਾਲੀਆ ਸੰਗਤਾਂ ਵਿੱਚ ਰੋਸ ਹੈ। ਜਿਸ ਦੇ ਚੱਲਦਿਆ ਦਿਨ-ਬ-ਦਿਨ ਇਸ ਇਤਿਹਾਸਕ ਅਸਥਾਨ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਇਸ ਬਾਬਤ ਅਜੀਤ ਸਿੰਘ ਭੱਲਾ, ਰਣਜੀਤ ਸਿੰਘ ਲੱਕੀ, ਭੁਪਿੰਦਰ ਸਿੰਘ ਪੰਪ ਵਾਲਿਆ ਆਖਿਆ ਕਿ ਆਮਦਨ ਨਾ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਇਸ ਇਤਿਹਾਸਕ ਅਸਥਾਨ ਦੀ ਸਾਂਭ-ਸੰਭਾਲ ਵੱਲ ਧਿਆਨ ਨਹੀ ਦੇ ਰਹੇ। ਜਿਸ ਕਾਰਨ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਵਜੂਦ ਖਤਰੇ ਵਿੱਚ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਆਖਿਆ ਕਿ ਸਿੱਖ ਕੌਮ ਦੇ ਇਤਿਹਾਸ ਅਸਥਾਨਾਂ ਦੀ ਸਾਂਭ-ਸੰਭਾਲ ਕਰਨਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ। ਇਸ ਇਤਿਹਾਸਕ ਅਸਥਾਨ ਨੂੰ ਸੰਗਤ ਤੋਂ ਅਣਜਾਣ ਰੱਖਣਾ ਅਤੇ ਇਸ ਦੇ ਨਵ ਨਿਰਮਾਣ ਲਈ ਦੇਰੀ ਕਾਰਨ ਸੰਗਤ ਵਿੱਚ ਰੋਸ ਹੈ। ਇਸ ਸਬੰਧੀ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਗੁਰਾ ਸਿੰਘ ਨੇ ਆਖਿਆ ਕਿ ਪ੍ਰਧਾਨ ਜੀ ਦੇ ਆਦੇਸ਼ਾ ਅਨੁਸਾਰ ਬਾਬਾ ਸਾਵਣ ਮੱਲ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਨਵੀਨੀਕਰਨ ਲਈ ਚਾਰਾਜੋਈ ਜਾਰੀ ਹੈ।
ਇਸ ਅਸਥਾਨ ਦੇ ਨਵ-ਨਿਰਮਾਣ ਲਈ ਕਾਰਸੇਵਾ ਵਾਲਿਆ ਨੂੰ ਸੇਵਾ ਸੌਂਪੀ ਜਾ ਚੁੱਕੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਗੁਰੂਧਾਮਾ ਦੀ ਸਾਂਭ-ਸੰਭਾਲ ਸਾਡਾ ਪਹਿਲਾਂ ਫਰਜ਼ ਹੈ। ਗੁ:ਬਾਬਾ ਸਾਵਣ ਮੱਲ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਆਦੇਸ਼ ਦਿੱਤੇ ਗਏ ਸਨ ਆਦੇਸ਼ਾਂ ਵਿੱਚ ਹੋਈ ਦੇਰੀ ਸਬੰਧੀ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਕੋਲੋ ਰਿਪੋਰਟ ਲਈ ਜਾਵੇਗੀ।

