ਜੀ ਐੱਨ ਡੀ ਯੂ ਵੱਲੋਂ ਪਿੰਡਾਂ ਦੀ ਮਦਦ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਭਰੋਸਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਪੁਨਰਵਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਉੱਚ ਪੱਧਰੀ ਮੀਟਿੰਗ ਵਿੱਚ ਯੂਨੀਵਰਸਿਟੀ ਨੇ ਆਪਣੇ ਸਮਾਜਿਕ ਸਰੋਕਾਰਾਂ ਅਧੀਨ ਗੋਦ ਲਏ ਜਾਣ ਵਾਲੇ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕਰਨ ਦੀ ਵਚਨਬੱਧਤਾ ਦੁਹਰਾਈ ਹੈ। ਮੀਟਿੰਗ ਵਿੱਚ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ, ਅਜਨਾਲਾ ਦੇ ਐੱਸ.ਡੀ.ਐੱਮ. ਅਤੇ ਜੀ.ਐੱਨ.ਡੀ.ਯੂ. ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਤੁਰੰਤ ਰਾਹਤ ਕਾਰਜਾਂ, ਪ੍ਰਭਾਵਿਤ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੀ ਮੁੜ ਬਹਾਲੀ ਅਤੇ ਲੰਬੇ ਸਮੇਂ ਦੀ ਪੁਨਰਵਾਸੀ ਯੋਜਨਾ ’ਤੇ ਚਰਚਾ ਹੋਈ। ਰਜਿਸਟਰਾਰ ਡਾ. ਕੇ.ਐੱਸ. ਚਹਿਲ ਨੇ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਲੀ ਕਮੇਟੀ ਪੂਰੇ ਸਮਰਪਣ ਅਤੇ ਇਮਾਨਦਾਰੀ ਨਾਲ ਕੰਮ ਕਰੇਗੀ। ਜੀ.ਐੱਨ.ਡੀ.ਯੂ. ਦੀ ਐੱਨ.ਐੱਸ.ਐੱਸ. ਟੀਮ, ਜਿਸ ਦੀ ਅਗਵਾਈ ਪ੍ਰੋ. (ਡਾ.) ਬਲਬੀਰ ਸਿੰਘ ਅਤੇ ਪ੍ਰੋਗਰਾਮ ਅਫ਼ਸਰ ਡਾ. ਆਦਿੱਤਿਆ ਪਰਿਹਾਰ ਕਰ ਰਹੇ ਹਨ, ਨੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਨੂੰ ਸੌਂਪਿਆ ਗਿਆ ਪਿੰਡ ਹੜ੍ਹ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਹੋਇਆ, ਇਸ ਲਈ ਯੂਨੀਵਰਸਿਟੀ ਨੇ ਵਧੇਰੇ ਪ੍ਰਭਾਵਿਤ ਪਿੰਡ ਅਲਾਟ ਕਰਨ ਦੀ ਮੰਗ ਕੀਤੀ, ਜਿਸ ਨਾਲ ਐਨ.ਐਸ.ਐਸ. ਵਾਲੰਟੀਅਰ ਲੰਬੇ ਸਮੇਂ ਲਈ ਪੁਨਰਵਾਸ ਲਈ ਕੰਮ ਕਰ ਸਕਣ। ਉਪ-ਕੁਲਪਤੀ ਡਾ. ਕਰਮਜੀਤ ਸਿੰਘ ਦੀਆਂ ਹਦਾਇਤਾਂ ਅਧੀਨ ਯੂਨੀਵਰਸਿਟੀ ਨੇ ਹੜ੍ਹ ਪੀੜਤਾਂ ਦੀ ਮੱਦਦ ਲਈ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਲਈ ਇੱਕ ਹਾਈ ਪਾਵਰ ਐਕਸ਼ਨ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਅਧਿਆਪਕ, ਗੈਰ-ਅਧਿਆਪਕ ਸਟਾਫ, ਅਫ਼ਸਰ ਸੰਘ, ਪੈਨਸ਼ਨਰ ਸੰਘ, ਵਿਦਿਆਰਥੀ ਤੇ ਪੁਰਾਣੇ ਵਿਦਿਆਰਥੀ ਸ਼ਾਮਲ ਹਨ। ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਦਾਨ ਕਰਕੇ 50 ਲੱਖ ਰੁਪਏ ਤੋਂ ਵੱਧ ਰਕਮ ਇਕੱਠੀ ਕੀਤੀ ਹੈ, ਜੋ ਰਾਹਤ ਕਾਰਜਾਂ ’ਤੇ ਖਰਚੀ ਜਾਵੇਗੀ।