ਗਾਜ਼ੀਆਬਾਦ ਦੀ ਸੰਗਤ ਨੇ ਹੜ੍ਹ ਪੀੜਤਾਂ ਲਈ ਸਾਮਾਨ ਸੌਂਪਿਆ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਸੰਗਤ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਤੇ ਸਕੱਤਰ ਪ੍ਰਤਾਪ ਸਿੰਘ ਰਾਹੀਂ 400 ਗੱਦੇ, 50 ਫੋਲਡਿੰਗ ਬੈੱਡ ਅਤੇ ਹੋਰ ਲੋੜੀਂਦਾ ਸਾਮਾਨ ਸੌਂਪਿਆ ਗਿਆ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰੀ ਮੰਨਣ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਤੋਂ ਸੰਗਤ ਜਿੱਥੇ ਰਾਸ਼ਨ ਅਤੇ ਹੋਰ ਲੋੜੀਂਦਾ ਸਾਮਾਨ ਭੇਜ ਰਹੀ ਹੈ, ਉੱਥੇ ਮਾਇਕ ਸਹਿਯੋਗ ਵੀ ਕਰ ਰਹੀਆਂ ਹਨ। ਇਸੇ ਤਹਿਤ ਅੱਜ ਗਾਜ਼ੀਆਬਾਦ ਦੀ ਸੰਗਤ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਦੇਣ ਲਈ 400 ਗੱਦੇ, 50 ਫੋਲਡਿੰਗ ਅਤੇ ਲੋੜੀਂਦਾ ਸਾਮਾਨ ਦਿੱਤਾ ਗਿਆ ਹੈ। ਪ੍ਰਬੰਧਕਾਂ ਵੱਲੋਂ ਗਾਜ਼ੀਆਬਾਦ ਦੀ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ, ਗਾਜੀਆਬਾਦ ਤੋਂ ਆਏ ਹਰਜੀਤ ਸਿੰਘ, ਹਰਪ੍ਰੀਤ ਸਿੰਘ, ਦਮਨਪ੍ਰੀਤ ਸਿੰਘ ਅਤੇ ਗੁਰਮਿੰਦਰ ਸਿੰਘ ਮੌਜੂਦ ਸਨ।