ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ’ਤੇ ਮੁਫ਼ਤ ਵਾਈ-ਫਾਈ ਸਹੂਲਤ ਬਹਾਲ
ਇਥੇ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ’ਤੇ ਕਈ ਸਾਲਾਂ ਤੋਂ ਬੰਦ ਹੋਈ ਮੁਫ਼ਤ ਵਾਈ-ਫਾਈ ਇੰਟਰਨੈੱਟ ਦੀ ਸਹੂਲਤ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਹੂਲਤ ਖਾਸ ਕਰਕੇ ਵਿਦੇਸ਼ੀ ਯਾਤਰੀਆਂ ਲਈ ਇੱਕ ਮਹੱਤਵਪੂਰਨ ਕਦਮ ਹੈ। ਇਸ ਮਾਮਲੇ ਨੂੰ ਲੰਮੇ ਸਮੇਂ ਤੋਂ ਉੱਠਾਉਂਦੇ ਆ ਰਹੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਕਈ ਵਾਰ ਇਹ ਮਸਲਾ ਏਅਰਪੋਰਟ ਅਥਾਰਟੀ ਆਫ਼ ਇੰਡੀਆ, ਏਅਰਪੋਰਟ ਡਾਇਰੈਕਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਮੀਡੀਆ, ਚਿੱਠੀਆਂ ਅਤੇ ਨਿੱਜੀ ਤੌਰ ’ਤੇ ਮੁਲਾਕਾਤ ਰਾਹੀਂ ਰੱਖਿਆ ਸੀ। ਅਮਰੀਕਾ ਸਥਿਤ ਹਵਾਬਾਜ਼ੀ ਵਿਸ਼ਲੇਸ਼ਕ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਹਵਾਈ ਅੱਡੇ ’ਤੇ ਮੁਫਤ ਵਾਈ-ਫਾਈ ਦੀ ਸਹੂਲਤ ਨੂੰ ਮੁੜ ਚਾਲੂ ਕਰਨਾ ਬਹੁਤ ਜ਼ਰੂਰੀ ਕਦਮ ਸੀ। ਉਨ੍ਹਾਂ ਇਹ ਮਸਲਾ ਵਾਰ-ਵਾਰ ਉੱਠਾਇਆ ਕਿਉਂਕਿ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਇੱਥੇ ਪਹੁੰਚ ਕੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ, ਉਡਾਣ, ਟ੍ਰਾਂਸਪੋਰਟ ਜਾਂ ਹੋਟਲ ਬੁਕਿੰਗ ਵਰਗੀਆਂ ਸੂਚਨਾਵਾਂ ਤੁਰੰਤ ਪ੍ਰਾਪਤ ਕਰ ਸਕਣ। ਇਹ ਸੁਵਿਧਾ ਯਾਤਰੀਆਂ ਦੇ ਤਜਰਬੇ ਨੂੰ ਬਿਹਤਰ ਬਣਾਏਗੀ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਇੰਡੀਆ ਅਤੇ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਕਿਹਾ ਕਿ ਉਹ ਖੁਸ਼ ਹਨ ਕਿ ਅਥਾਰਟੀ ਨੇ ਜਨਤਾ ਦੀ ਮੰਗ ਮੰਨੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਲਈ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ।