ਪੁਲੀਸ ਨੇ 24 ਘੰਟਿਆਂ ਦੇ ਅੰਦਰ ਲੁੱਟ ਦੇ ਮਾਮਲੇ ਨੂੰ ਹੱਲ ਕਰ ਲਿਆ ਅਤੇ ਇਸ ਸਬੰਧ ਵਿੱਚ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਕਾਰ, ਪਿਸਤੌਲ, ਨਕਦੀ ਅਤੇ ਮੋਬਾਈਲ ਫੋਨ ਬਰਾਮਦ ਕੀਤਾ। ਇਸ ਮਾਮਲੇ ਵਿਚ ਅਹਿਮਦਾਬਾਦ, ਗੁਜਰਾਤ ਦੇ ਰਹਿਣ ਵਾਲੇ ਦਵਿੰਦਰ ਸਿੰਘ ਵੱਲੋਂ ਹੈਲਪਲਾਈਨ 112 ਰਾਹੀਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਪੁਲੀਸ ਸਟੇਸ਼ਨ ਮਕਬੂਲਪੁਰਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੀੜਤ ਨੇ ਦੱਸਿਆ ਕਿ ਉਹ ਆਪਣੇ ਤਿੰਨ ਦੋਸਤਾਂ ਨਾਲ ਅੰਮ੍ਰਿਤਸਰ-ਅਟਾਰੀ ਬਾਈਪਾਸ ਰੋਡ ’ਤੇ ਗ੍ਰੀਨ ਵਿਲਾ ਪੈਲੇਸ ਦੇ ਨੇੜੇ ਸੀ ਤਾਂ ਇਸ ਦੌਰਾਨ ਕਾਰ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਅਤੇ ਨਕਦੀ ਖੋਹ ਲਈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲੀਸ ਨੇ ਚਾਰ ਵਿਅਕਤੀਆ ਦੀ ਸ਼ਨਾਖਤ ਮਗਰੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੀ ਪਛਾਣ ਬਿਕਰਮਜੀਤ ਸਿੰਘ ਉਰਫ਼ ਬਿੱਕਾ (51), ਟੈਕਸੀ ਡਰਾਈਵਰ ਤੇ ਚੱਬਾ ਦਾ ਰਹਿਣ ਵਾਲਾ ਸੁਨੀਲ ਸਿੰਘ ਉਰਫ਼ ਸ਼ੀਲੂ (28), ਚੱਬਾ ਦਾ ਪਸ਼ੂ ਵਪਾਰੀ, ਸੁਲਤਾਨਵਿੰਡ ਤੋਂ ਪਰਨਾਮ ਸਿੰਘ ਉਰਫ਼ ਪੰਨੀ (24) ਅਤੇ ਤਰਨ ਤਾਰਨ ਰੋਡ ਤੋਂ ਮੋਬਾਈਲ ਦੁਕਾਨ ਦਾ ਮਾਲਕ ਸਤਨਾਮ ਸਿੰਘ ਉਰਫ਼ ਹੈਪੀ (33) ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਬਿਕਰਮਜੀਤ ’ਤੇ ਪਹਿਲਾਂ ਵੀ ਥਾਣਾ ਰੂਪਨਗਰ ਆਨੰਦਪੁਰ ਸਾਹਿਬ ਵਿੱਚ ਚੋਰੀ ਦਾ ਮਾਮਲਾ ਦਰਜ ਸੀ, ਜਦੋਂ ਕਿ ਸੁਨੀਲ ’ਤੇ ਪਹਿਲਾਂ ਛੇਹਰਟਾ ਪੁਲੀਸ ਸਟੇਸ਼ਨ ਵਿੱਚ ਐੱਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪਰਨਾਮ ਸਿੰਘ ’ਤੇ ਐੱਨ ਡੀ ਪੀ ਐੱਸ ਅਤੇ ਹਮਲੇ ਦੇ ਦੋਸ਼ਾਂ ਸਮੇਤ ਚਾਰ ਕੇਸ ਦਰਜ ਸਨ। ਪੁਲੀਸ ਨੇ ਉਨ੍ਹਾਂ ਕੋਲੋਂ ਅਪਰਾਧ ਵਿੱਚ ਵਰਤੀ ਗਈ ਕਾਰ, ਦੇਸੀ .32 ਬੋਰ ਪਿਸਤੌਲ, ਕਾਰਤੂਸ, ਮੋਬਾਈਲ ਫੋਨ, ਲੋਹੇ ਦੀ ਰਾਡ ਅਤੇ 12,000 ਰੁਪਏ ਨਕਦ ਬਰਾਮਦ ਕੀਤੇ ਹਨ।

