ਅਦਾਕਾਰ ਦੇਵ ਆਨੰਦ ਦੀ ਯਾਦ ’ਚ ਨੇਚਰ ਪਾਰਕ ਦਾ ਨੀਂਹ ਪੱਥਰ
ਬੌਲੀਵੁੱਡ ਅਦਾਕਾਰ ਦੇਵ ਆਨੰਦ ਦੀ ਯਾਦ ਵਿੱਚ ਜੰਗਲਾਤ ਵਿਭਾਗ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਘਰੋਟਾ ’ਚ 50 ਲੱਖ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਨੇਚਰ ਪਾਰਕ ਬਣਾਇਆ ਜਾਵੇਗਾ ਜਿਸ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰੱਖਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਦੇਵ ਆਨੰਦ ਨੇ ਪਦਮ ਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਾਪਤ ਕਰਕੇ ਘਰੋਟਾ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕੀਤਾ, ਜੋ ਕਿ ਇਲਾਕੇ ਲਈ ਮਾਣ ਵਾਲੀ ਗੱਲ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਪਾਰਕ ਘਰੋਟਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਲਈ ਇੱਕ ਤੋਹਫ਼ਾ ਹੈ, ਜਿਸ ਵਿੱਚ ਟਰੈਕ, ਸੋਲਰ ਲਾਈਟਾਂ, ਲਾਅਨ, ਓਪਨ ਜਿਮ ਅਤੇ ਮੈਡੀਟੇਸ਼ਨ ਸੈਂਟਰ ਵਰਗੀਆਂ ਆਧੁਨਿਕ ਸਹੂਲਤਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਦੇਵ ਅਨੰਦ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ ਇੱਕ ਬੁੱਤ ਵੀ ਲਗਾਇਆ ਜਾਵੇਗਾ ਅਤੇ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਜਾਣਕਾਰੀ ਵੀ ਲਿਖਤੀ ਰੂਪ ਵਿੱਚ ਪਾਰਕ ਦੇ ਅੰਦਰ ਸਥਾਪਿਤ ਕੀਤੀ ਜਾਵੇਗੀ। ਇਸ ਮੌਕੇ ਹੋਏ ਸਮਾਗਮ ਵਿੱਚ ਡੀਐੱਫਓ ਧਰਮਵੀਰ ਦੈੜੂ, ਚੇਅਰਮੈਨ ਮਨੋਹਰ ਸਿੰਘ, ਸਰਪੰਚ ਸੰਜੀਵ ਕੁਮਾਰ, ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਨਰੇਸ਼ ਕੁਮਾਰ, ਬਲਾਕ ਪ੍ਰਧਾਨ ਪਵਨ ਕੁਮਾਰ ਤੇ ਸੰਦੀਪ ਕੁਮਾਰ, ਰਣਜੀਤ ਸਿੰਘ ਅਤੇ ਸਮੂਹ ਪੰਚਾਇਤ ਦੇ ਮੈਂਬਰ ਹਾਜ਼ਰ ਸਨ। ਡੀਐੱਫਓ ਧਰਮਵੀਰ ਨੇ ਕਿਹਾ ਕਿ ਪਾਰਕ ਦਾ ਨਿਰਮਾਣ 5 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ ਅਤੇ ਇਸ ਨੂੰ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।