ਪੰਜਾਬ ਨਾਟਸ਼ਾਲਾ ’ਚ ‘ਫਾਰਐਵਰ ਕੁਈਨ ਮਹਾਰਾਣੀ ਜਿੰਦਾ’ ਦਾ ਮੰਚਨ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਮਾਰਚ
ਅਨਾਮਿਕਾ ਆਰਟ ਵੱਲੋਂ ਐਤਵਾਰ ਸ਼ਾਮ ਨੂੰ ਇੱਥੇ ਪੰਜਾਬ ਨਾਟਸ਼ਾਲਾ ਵਿੱਚ ਨਾਟਕ ‘ਫਾਰਐਵਰ ਕੁਈਨ ਮਹਾਰਾਣੀ ਜਿੰਦਾ’ ਦਾ ਮੰਚਨ ਕੀਤਾ ਗਿਆ।
ਇਹ ਨਾਟਕ ਡਾ. ਆਤਮਾ ਸਿੰਘ ਵੱਲੋਂ ਲਿਖਿਆ ਗਿਆ ਹੈ ਤੇ ਇਸ ਦਾ ਨਿਰਦੇਸ਼ਨ ਇਮੈਨੂਅਲ ਵੱਲੋਂ ਕੀਤਾ ਗਿਆ ਹੈ। ਨਾਟਕ ਦਾ ਮੰਤਵ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਉਸ ਸੁਨਹਿਰੀ ਦੌਰ ਤੋਂ ਜਾਣੂ ਕਰਾਉਣਾ ਸੀ ਜਿਸ ਨੂੰ ਖਾਲਸਾ ਰਾਜ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਜੋਂ ਜਾਣਿਆ ਜਾਂਦਾ ਹੈ।
ਨਾਟਕ ਵਿੱਚ ਸਿੱਖ ਰਾਜ ਦੌਰਾਨ ਮਹਾਰਾਣੀ ਜਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਦੇ ਦੁਖਾਂਤ ਨੂੰ ਪੇਸ਼ ਕੀਤਾ ਗਿਆ ਹੈ। ਨਾਟਕ ਵਿੱਚ ਪ੍ਰੀਤਪਾਲ, ਗੁਰਪਿੰਦਰ ਕੌਰ, ਡਾਕਟਰ ਆਤਮਾ ਸਿੰਘ ਗਿੱਲ, ਲਖਵਿੰਦਰ ਲੱਕੀ, ਪ੍ਰਿਆ, ਦੀਪ, ਰਵੀ ਕੁਮਾਰ, ਸਮ੍ਰਿਧੀ, ਮਾਨਸੀ, ਜੀਆ, ਨਿਕਿਤਾ, ਸੁਖਵਿੰਦਰ ਸਿੰਘ ਤੇ ਹੋਰਨਾਂ ਨੇ ਵੱਖ-ਵੱਖ ਕਿਰਦਾਰ ਨਿਭਾਏ ਹਨ। ਨਾਟਕ ਦੇ ਅੰਤ ਵਿੱਚ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਨੂੰ ਸੰਸਥਾ ਵੱਲੋਂ ਜਤਿੰਦਰ ਬਰਾੜ ਨੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਆ।