ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 14 ਜੁਲਾਈ
ਜੰਡਿਆਲਾ ਗੁਰੂ ਅਤੇ ਆਸ-ਪਾਸ ਦੇ ਇਲਾਕੇ ਵਿੱਚ ਗਲੇ ਸੜੇ ਫਲ ਵੇਚੇ ਜਾਣ ਦੀ ਜਾਣਕਾਰੀ ਮਿਲਣ ’ਤੇ ਫੂਡ ਇੰਸਪੈਕਟਰ ਸਤਨਾਮ ਸਿੰਘ ਨੇ ਆਪਣੀ ਟੀਮ ਨਾਲ ਜੰਡਿਆਲਾ ਗੁਰੂ ਸ਼ਹਿਰ ਵਿੱਚ ਆ ਕੇ ਰੇਹੜੀਆਂ, ਹੋਰ ਕਈ ਥਾਂਵਾਂ ’ਤੇ ਫਲ ਵੇਚਣ ਵਾਲਿਆਂ ਅਤੇ ਖਾਣ ਪੀਣ ਵਾਲੇ ਪਦਾਰਥ ਚੈੱਕ ਕੀਤੇ। ਫੂਡ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਚੈਕਿੰਗ ਦੌਰਾਨ, ਕਈ ਥਾਵਾਂ ਤੋਂ ਗਲੇ ਸੜੇ, ਕੀੜੇ-ਮਕੌੜੇ ਵਾਲੇ ਅੰਬ ਅਤੇ ਹੋਰ ਨਾ ਖਾਣਯੋਗ ਫਲ ਮਿਲੇ ਜਿਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਫੂਡ ਇੰਸਪੈਕਟਰ ਨੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਦਿੱਤੀ ਕਿ ਜੇ ਭਵਿੱਖ ਵਿੱਚ ਅਜਿਹੇ ਸੜੇ ਹੋਏ ਫਲ ਵੇਚਦੇ ਪਾਏ ਗਏ ਤਾਂ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ ਤੇ ਉਨ੍ਹਾਂ ਦੇ ਲਾਇਸੈਂਸ ਵੀ ਰੱਦ ਕੀਤਾ ਜਾ ਸਕਦੇ ਹਨ। ਉਨ੍ਹਾਂ ਕਿਹਾ ਵਿਭਾਗ ਹੁਣ ਬਰਸਾਤ ਦੇ ਮੌਸਮ ਦੌਰਾਨ ਇੱਕ ਵਿਸ਼ੇਸ਼ ਨਿਗਰਾਨੀ ਮੁਹਿੰਮ ਚਲਾਏਗਾ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ। ਇਸ ਚੈਕਿੰਗ ਨੂੰ ਵੇਖ ਕੇ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਦੀ ਇਸ ਤੁਰੰਤ ਕਾਰਵਾਈ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਿਹਤ ਵਿਭਾਗ ਤੋਂ ਇਹ ਵੀ ਮੰਗ ਕੀਤੀ ਕਿ ਭਵਿੱਖ ਵਿੱਚ ਵੀ ਇਹ ਮੁਹਿੰਮ ਇਸ ਤਰ੍ਹਾਂ ਹੀ ਜਾਰੀ ਰਹੇ। ਫੂਡ ਇੰਸਪੈਕਟਰ ਨੇ ਕਿਹਾ ਸਿਹਤ ਨਾਲ ਸਬੰਧਤ ਮਾਮਲਿਆਂ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।