ਜ਼ੀਰੋ ਲਾਈਨ ਤੇ ਵੱਸੇ ਪਿੰਡਾਂ ਵਿੱਚ ਆਇਆ ਹੜ੍ਹ ਦਾ ਪਾਣੀ: ਬੇਵੱਸ ਲੋਕ ਰਾਤ ਛੱਤਾਂ ‘ਤੇ ਕੱਟਣ ਲਈ ਮਜਬੂਰ
ਪਠਾਨਕੋਟ ਦੇ ਨਾਲ ਲੱਗਦੇ ਕੌਮਾਂਤਰੀ ਸਰਹੱਦ ’ਤੇ ਜ਼ੀਰੋ ਲਾਈਨ ’ਤੇ ਪੈਂਦੇ ਪਿੰਡਾਂ ਟੀਂਡਾ, ਭੋਪਾਲਪੁਰ, ਸਿੰਬਲ, ਸਕੋਲ, ਪਹਾੜੀਪੁਰ, ਕੁੱਲੀਆਂ, ਬਮਿਆਲ, ਖੋਜਕੀਚੱਕ ਵਿੱਚ ਦਰਮਿਆਨੀ ਰਾਤ ਨੂੰ ਬਰਸਾਤੀ ਨਾਲਿਆਂ ਅਤੇ ਉਝ ਦਰਿਆ ਵਿੱਚ ਹੜ੍ਹ ਦਾ ਪਾਣੀ ਵੱਡੀ ਮਾਤਰਾ ਵਿੱਚ ਆ ਜਾਣ ਨਾਲ ਲੋਕ ਸਹਿਮ ਗਏ ਅਤੇ ਉਨ੍ਹਾਂ ਨੇ ਛੱਤਾਂ ਉੱਤੇ ਚੜ੍ਹ ਕੇ ਉਨ੍ਹਾਂ ਜਾਨ ਬਚਾਈ।
ਲੋਕਾਂ ਦੇ ਘਰਾਂ ’ਚ ਪਾਣੀ ਭਰ ਗਿਆ ਅਤੇ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ। ਜਿਸ ਨਾਲ ਉਨ੍ਹਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ 2 ਲੱਖ ਕਿਊਸਿਕ ਦੇ ਕਰੀਬ ਪਾਣੀ ਰਾਤ ਸਮੇਂ ਆਇਆ। ਲੋਕਾਂ ਅਨੁਸਾਰ ਜੰਮੂ-ਕਸ਼ਮੀਰ ਦੇ ਰਾਮਬਨ ਇਲਾਕੇ ਵਿੱਚ ਰਾਤ ਸਮੇਂ ਬੱਦਲ ਫਟਿਆ ਅਤੇ ਉਥੋਂ ਇਹ ਪਾਣੀ ਪੰਜਾਬ ਖੇਤਰ ਅੰਦਰ ਪੁੱਜਿਆ।
ਜ਼ਿਕਰਯੋਗ ਹੈ ਕਿ ਇਸ ਖੇਤਰ ਵਿੱਚ 1-2 ਦਿਨ ਪਹਿਲਾਂ ਹੀ ਰਾਵੀ ਦਰਿਆ ਦਾ ਜਲ ਪੱਧਰ ਘੱਟ ਹੋਇਆ ਸੀ ਪਰ ਜੰਮੂ-ਕਸ਼ਮੀਰ ਦੇ ਕਠੂਆ ਖੇਤਰ ਵਿੱਚੋਂ ਪਾਣੀ ਦਾਖਲ ਹੋ ਜਾਣ ਨਾਲ ਲੋਕ ਘਬਰਾ ਗਏ ਸਨ।
ਭਾਰਤ-ਪਾਕ ਸਰਹੱਦ ਦੀ ਜ਼ੀਰੋ ਲਾਈਨ ’ਤੇ ਵੱਸੇ ਪਿੰਡ ਸਿੰਬਲ ਸਕੋਲ ਦੇ ਨਜ਼ਦੀਕ ਵਗਦੇ ਤਰਨਾਹ ਦਰਿਆ ਵਿੱਚ ਜਲ ਪੱਧਰ ਵਧਣ ਨਾਲ ਪਠਾਨਕੋਟ ਸਰਹੱਦ ਦੀ ਜ਼ੀਰੋ ਲਾਈਨ ’ਤੇ ਸਥਿਤ ਪਿੰਡ ਭੋਪਾਲਪੁਰ, ਪਹਾੜੀਪੁਰ ਸਿੰਬਲ ਸਕੋਲ, ਟਿੰਡਾ, ਸਿੰਬਲ, ਕੁੱਲੀਆਂ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਪਰ ਦੁਪਹਿਰ ਸਮੇਂ ਇਹ ਪਾਣੀ ਘਟਣਾ ਸ਼ੁਰੂ ਹੋ ਗਿਆ ਤੇ ਲੋਕਾਂ ਨੇ ਰਾਹਤ ਮਹਿਸੂਸ ਕਰਨ ਸ਼ੁਰੂ ਕੀਤੀ।
ਲੋਕਾਂ ਦਾ ਕਹਿਣਾ ਸੀ ਕਿ ਸੜਕਾਂ ਉਪਰ ਗਾਰਾ ਹੀ ਗਾਰਾ ਜਮ੍ਹਾ ਹੋ ਗਿਆ ਹੈ। ਜਿਸ ਤੋਂ ਲੰਘਣਾ ਮੁਸ਼ਕਲ ਹੈ। ਇਸ ਦੇ ਇਲਾਵਾ ਖੇਤਾਂ ਵਿੱਚ ਵੀ ਫਸਲਾਂ ਗਾਰੇ ਦੇ ਪਾਣੀ ਨਾਲ ਦੱਬ ਗਈਆਂ ਹਨ ਤੇ ਉਨ੍ਹਾਂ ਪਸ਼ੂਆਂ ਨੂੰ ਚਾਰੇ ਦੀ ਸਮੱਸਿਆ ਪੈਦਾ ਹੋ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।