ਹੜ੍ਹਾਂ ਦੀ ਮਾਰ: ਵਾਢੀ ਲਈ ਭਾਰੀ ਕੀਮਤ ਤਾਰ ਰਿਹੈ ਅੰਨਦਾਤਾ
ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਆਏ ਭਿਆਨਕ ਹੜ੍ਹਾਂ ਨੇ ਜਿੱਥੇ ਫ਼ਸਲਾਂ ਨੂੰ ਪੂਰੀ ਤਰ੍ਹਾਂ ਡੋਬ ਦਿੱਤਾ ਹੈ, ਉੱਥੇ ਹੀ ਹੁਣ ਪਾਣੀ ਘਟਣ ਤੋਂ ਬਾਅਦ ਪੱਕੀਆਂ ਫ਼ਸਲਾਂ ਨੂੰ ਪਾਣੀ ਵਿੱਚੋਂ ਵੱਢਣ ਲਈ ਦੂਜੇ ਰਾਜਾਂ ਤੋਂ ਆਈਆਂ ਹਾਰਵੈਸਟਰ ਮਸ਼ੀਨਾਂ ਮਨਮਰਜ਼ੀ ਦੇ ਰੇਟ ਲਾ ਕੇ ਕਿਸਾਨਾਂ ਨੂੰ ਤੰਗ ਆਰਥਿਕਤਾ ਦੀ ਚੱਕੀ ਵਿੱਚ ਪੀਸਣ ਲਈ ਮਜਬੂਰ ਕਰ ਰਹੀਆਂ ਹਨ। ਇਸ ਸਬੰਧੀ ਕਿਸਾਨ ਹਰਪਾਲ ਸਿੰਘ ਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਦੂਜੇ ਰਾਜਾਂ ਹਰਿਆਣਾ, ਉੱਤਰ ਪ੍ਰਦੇਸ਼ ਤੋਂ ਆਈਆਂ ਚੈਨ ਜਾਂ ਪਟੇ ਵਾਲੀਆਂ ਮਸ਼ੀਨਾਂ ਪਾਣੀ ਵਿੱਚ ਵੀ ਚੱਲ ਕੇ ਫ਼ਸਲ ਦੀ ਕਟਾਈ ਕਰ ਸਕਦੀਆਂ ਹਨ ਜਿਨ੍ਹਾਂ ਦੇ ਮਾਲਕ 4 ਤੋਂ 8 ਹਜ਼ਾਰ ਰੁਪਏ ਪ੍ਰਤੀ ਏਕੜ ਆਪਣੀ ਮਨ ਮਰਜ਼ੀ ’ਤੇ ਰੇਟ ਲਾ ਕੇ ਕਿਸਾਨਾਂ ਨੂੰ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਦੂਜੇ ਰਾਜਾਂ ਤੋਂ ਲੋਕ ਵੱਡੀ ਗਿਣਤੀ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਕਈ ਪ੍ਰਕਾਰ ਦੀ ਰਾਹਤ ਸਮੱਗਰੀ ਦੇ ਰਹੇ ਹਨ ਪਰ ਕੰਬਾਈਨਾਂ ਲੈ ਕੇ ਆਏ ਦੂਜੇ ਰਾਜਾਂ ਵਾਲਿਆਂ ਨੂੰ ਕਿਸਾਨਾਂ ਵੱਲੋਂ ਮਜਬੂਰਨ ਵੱਧ ਰੇਟ ਦੇ ਕੇ ਆਪਣੀ ਫ਼ਸਲ ਪਾਣੀ ਵਿੱਚੋਂ ਕਟਾਉਣੀ ਪੈ ਰਹੀ ਹੈ। ਕਿਸਾਨਾਂ ਨੇ ਮੰਗ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਪਾਣੀ ਵਿੱਚ ਝੋਨੇ ਦੀ ਕਟਾਈ ਕਰਨ ਲਈ ਮਸ਼ੀਨਾਂ ਦਾ ਰੇਟ ਨਿਰਧਾਰਤ ਕਰੇ ਤਾਂ ਜੋ ਕਿਸਾਨਾਂ ਦੀ ਲੁੱਟ ਹੋਣ ਤੋਂ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਫ਼ਸਲ ਨੂੰ ਜ਼ਮੀਨ ’ਤੇ ਡਿੱਗਣ ਨਾਲ ਦਾਣੇ ਖਰਾਬ ਹੋਣ ਦੇ ਡਰੋਂ ਕਿਸਾਨਾਂ ਨੂੰ ਮਜਬੂਰੀਵੱਸ ਪਾਣੀ ਵਿੱਚੋਂ ਫ਼ਸਲ ਕਟਾਉਣੀ ਪੈ ਰਹੀ ਹੈ।