ਹੜ੍ਹ ਕੇਂਦਰ ਤੇ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਕਰਾਰ
ਗੱਗੋਮਾਹਲ ਅਤੇ ਰਮਦਾਸ ਦੇ ਪਿੰਡਾਂ ਵਿੱਚ ਹੜ੍ਹਾਂ ਦੇ ਪਾਣੀ ਨੇ ਬਹੁਤ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਫਸਲਾਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ 40-50 ਨੌਜਵਾਨਾਂ ਦੀ ਟੀਮ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਰਮਦਾਸ, ਸ਼ਾਹ ਹਬੀਬ ਕੋਟਲੀ, ਮੰਦਰਾਂ ਵਾਲਾ, ਬਗਵਾਨਪੁਰਾ, ਕਤਲਾ, ਰੂੜੇਵਾਲ, ਨੰਗਲ ਸੋਹਲ, ਘੁਮਰਾਹ, ਪੰਜਗਰਾਈਆਂ, ਸਿੰਘੋਕੇ, ਨਿਸੋਕੇ, ਪੱਸ਼ੀਆ ਆਦਿ ਪਿੰਡਾਂ ਵਿੱਚ ਟਰੈਕਟਰ ਟਰਾਲੀਆਂ ਦੇ ਕਾਫਲੇ ਰਾਹੀਂ ਰਾਹਤ ਸਮੱਗਰੀ ਵੰਡੀ ਹੈ। ਸਤਨਾਮ ਸਿੰਘ ਨੇ ਕਿਹਾ ਕਿ ਇਹ ਹੜ੍ਹ ਕੁਦਰਤੀ ਆਫਤ ਨਹੀਂ ਸਗੋਂ ਕੇਂਦਰ ਅਤੇ ਪੰਜਾਬ ਸਰਕਾਰਾਂ ਦੀ ਨਲਾਇਕੀ ਦੀ ਵਜ੍ਹਾ ਕਾਰਨ ਆਏ ਹਨ ਜਿਸ ਦੇ ਅਗਾਊ ਪ੍ਰਬੰਧ ਕਰਕੇ ਰੋਕਿਆ ਜਾ ਸਕਦਾ ਸੀ। ਟੀਮ ਨੇ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 70,000 ਰੁਪਏ ਅਤੇ ਮਜ਼ਦੂਰਾਂ ਨੂੰ 7000 ਰੁਪਏ, ਹੜ੍ਹਾਂ ਨਾਲ ਢੱਠੇ ਘਰਾਂ ਦਾ 10 ਲੱਖ ਰੁਪਏ ਤੇ ਪ੍ਰਤੀ ਡੰਗਰ ਇੱਕ ਲੱਖ ਤੇ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।