DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਉਣ ਦੀ ਝੜੀ ਕਾਰਨ ਪਠਾਨਕੋਟ ਜ਼ਿਲ੍ਹੇ ’ਚ ਹੜ੍ਹ ਵਰਗੇ ਹਾਲਾਤ

ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ; ਹਸਪਤਾਲ ਦੇ ਬਾਹਰ ਪਾਣੀ ਨੇ ਨਹਿਰ ਦਾ ਰੂਪ ਧਾਰਿਆ
  • fb
  • twitter
  • whatsapp
  • whatsapp
featured-img featured-img
ਛੋਟੀ ਨਹਿਰ ਦੇ ਓਵਰਫਲੋਅ ਪਾਣੀ ਨਾਲ ਡੁੱਬੀ ਰਘੂਨਾਥ ਕਲੌਨੀ।
Advertisement
ਇੱਥੇ ਲੰਘੀ ਰਾਤ ਤੋਂ ਲੈ ਕੇ ਅੱਜ ਸਵੇਰ ਤੱਕ ਲਗਾਤਾਰ 16 ਘੰਟੇ ਪਈ ਤੇਜ਼ ਬਾਰਸ਼ ਨੇ ਪਠਾਨਕੋਟ ਜ਼ਿਲ੍ਹੇ ਅੰਦਰ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਨੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਸਭਨਾਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਬਾਰਸ਼ ਨੇ ਪਠਾਨਕੋਟ ਅੰਦਰ ਕਾਫੀ ਨੁਕਸਾਨ ਕੀਤਾ ਹੈ। ਰਾਤ ਸਮੇਂ ਪਠਾਨਕੋਟ ਦੇ ਲਮੀਨੀ ਇਲਾਕੇ ਵਿੱਚ ਸਰਕਾਰੀ ਕਾਲਜ ਦੇ ਸਾਹਮਣੇ ਵਗਦੀ ਖੱਡੀ ਖੱਡ ਪਾਰ ਕਰਦੇ ਸਮੇਂ ਐਕਟਿਵਾ ਸਵਾਰ ਨੌਜਵਾਨ ਡੁੱਬ ਗਿਆ, ਜਿਸ ਨੂੰ ਪੁਲੀਸ ਪ੍ਰਸ਼ਾਸਨ ਨੇ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ। ਸਥਾਨਕ ਸਿਵਲ ਹਸਪਤਾਲ ਦੇ ਬਾਹਰ ਲੋਕਾਂ ਨੂੰ ਗੋਡੇ-ਗੋਡੇ ਪਾਣੀ ਵਿੱਚੋਂ ਦੀ ਹੋ ਕੇ ਲੰਘਣਾ ਪਿਆ ਜਦ ਕਿ ਮਰੀਜ਼ਾਂ ਦੇ ਵਾਰਸਾਂ ਨੂੰ ਵੀ ਹਸਪਤਾਲ ਅੰਦਰ ਪਾਣੀ ਵਿੱਚੋਂ ਲੰਘਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਪਠਾਨਕੋਟ-ਚੰਬਾ ਨੈਸ਼ਨਲ ਹਾਈਵੇਅ ਅੱਜ ਸਵੇਰੇ 4 ਵਜੇ ਦੇ ਕਰੀਬ ਪਠਾਨਕੋਟ ਦੇ ਦੁਨੇਰਾ ਕਸਬੇ ਦੇ ਨੇੜੇ ਮੰਡੋਲਾ ਮੋੜ ’ਤੇ ਜ਼ਮੀਨ ਖਿਸਕਣ ਹਾਈਵੇਅ ਦਾ ਕਰੀਬ 200 ਮੀਟਰ ਟੋਟਾ ਧੱਸ ਗਿਆ। ਇਸ ਨਾਲ ਮਣੀਮਹੇਸ਼ ਦੀ ਯਾਤਰਾ ’ਤੇ ਜਾਣ ਵਾਲੇ ਸਾਰੇ ਯਾਤਰੀ ਰਸਤੇ ਵਿੱਚ ਫਸ ਗਏ। ਡਲਹੌਜ਼ੀ, ਚੰਬਾ, ਬਸੋਹਲੀ ਅਤੇ ਬਿਲਾਵਰ ਜਿਹੇ ਸ਼ਹਿਰਾਂ ਨਾਲ ਪਠਾਨਕੋਟ ਦਾ ਸੰਪਰਕ ਟੁੱਟ ਗਿਆ ਹੈ। ਪ੍ਰਸ਼ਾਸਨ ਨੇ ਟ੍ਰੈਫਿਕ ਨੂੰ ਪਿੰਡਾਂ ਵਿੱਚੋਂ ਦੀ ਲੁਨਸੂ ਮੰਦਰ ਲਿੰਕ ਰੋਡ ਤੋਂ ਕਾਲਾ ਪੁਲ ਅਤੇ ਕਾਲਾ ਪੁਲ ਤੋਂ ਦੁਨੇਰਾ ਵੱਲ ਡਾਇਵਰਟ ਕਰ ਦਿੱਤਾ। ਅਧਿਆਪਕਾਂ, ਸਕੂਲੀ ਬੱਚਿਆਂ ਅਤੇ ਹੋਰ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਸਟਾਫ ਨੂੰ ਲਗਭਗ ਦੋ ਕਿਲੋਮੀਟਰ ਪੈਦਲ ਸਫ਼ਰ ਕਰਨਾ ਪਿਆ। ਸੈਂਟਰਲ ਵਰਕਸ ਨਿਰਮਾਣ ਵਿਭਾਗ ਦੇ ਐਸਡੀਓ ਸੰਦੀਪ ਖੰਨਾ ਦੇ ਅਨੁਸਾਰ, ਜ਼ਮੀਨ ਖਿਸਕਣ ਕਾਰਨ ਸੜਕ ਦਾ ਇੱਕ ਹਿੱਸਾ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਹੈ। ਜ਼ਮੀਨ ਖਿਸਕਣ ਵਾਲੀ ਥਾਂ ’ਤੇ ਲੋਡਿਡ ਕੈਂਟਰ ਵੀ ਫਸਿਆ ਹੋਇਆ ਹੈ, ਜਿਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਚ ਅਧਿਕਾਰੀਆਂ ਨੂੰ ਟੁੱਟ ਗਈ ਸੜਕ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਮੌਸਮ ਸਾਫ਼ ਹੁੰਦੇ ਹੀ ਇਸ ਟੁੱਟੇ ਹਿੱਸੇ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਜਾਵੇਗੀ। ਫਿਲਹਾਲ, ਉੱਥੋਂ ਵੱਡੇ ਵਾਹਨਾਂ ਨੂੰ ਹਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਸ ਰਸਤੇ ਤੋਂ ਵੱਡੇ ਵਾਹਨਾਂ ਦੇ ਲੰਘਣ ਤੇ ਪਾਬੰਦੀ ਲਗਾ ਦਿੱਤੀ ਹੈ। ਰਾਹਤ ਦੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਸੇ ਤਰ੍ਹਾਂ ਪਠਾਨਕੋਟ ਸ਼ਹਿਰ ਦੇ ਤੂੜੀ ਵਾਲਾ ਚੌਂਕ ਵਿੱਚ ਇੱਕ ਕਾਰ ਪਾਣੀ ਵਿੱਚ ਡੁੱਬ ਗਈ ਤੇ ਚਾਲਕ ਵਿੱਚੇ ਹੀ ਫਸ ਗਿਆ ਜਿਸ ਨੂੰ ਬਾਅਦ ਵਿੱਚ ਕਰੇਨ ਨਾਲ ਕੱਢਿਆ ਗਿਆ। ਪਠਾਨਕੋਟ ਦੇ ਸਿਵਲ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਵੀ ਪੂਰੀ ਤਰ੍ਹਾਂ ਟੁੱਟ ਗਈ ਹੈ ਤੇ ਜ਼ਮੀਨ ਖਿਸਕ ਕੇ ਚੱਕੀ ਦਰਿਆ ਦੀ ਭੇਟ ਚੜ੍ਹ ਗਈ ਹੈ। ਜਿਸ ਨਾਲ ਹਿਮਾਚਲ ਦੇ 4 ਪਿੰਡਾਂ ਮਾਜਰਾ ਵਗੈਰਾ ਦੇ ਲੋਕਾਂ ਦਾ ਪਠਾਨਕੋਟ ਨਾਲ ਸੰਪਰਕ ਟੁੱਟ ਗਿਆ ਹੈ। ਇਸ ਖੇਤਰ ਵਿੱਚੋਂ ਦੁੱਧ ਸਪਲਾਈ ਕਰਨ ਵਾਲੇ ਗੁੱਜਰ ਅਤੇ ਰੋਜ਼ਮਰਾ ਜ਼ਿੰਦਗੀ ਨਾਲ ਸਬੰਧਤ ਪਠਾਨਕੋਟ ਆਉਣ ਵਾਲੇ ਲੋਕ ਮਿਲਟਰੀ ਹਸਪਤਾਲ ਵਿੱਚੋਂ ਦੀ ਪੈਦਲ ਲੰਘ ਕੇ ਇਸ ਸੜਕ ਦੇ ਦੂਸਰੇ ਪਾਸੇ ਪੁੱਜੇ ਤੇ ਫਿਰ ਪਠਾਨਕੋਟ ਸ਼ਹਿਰ ਅੰਦਰ ਗਏ। ਮਿਲਟਰੀ ਹਸਪਤਾਲ ਦੀ ਚਾਰਦੀਵਾਰੀ ਨੂੰ ਵੀ ਚੱਕੀ ਦਰਿਆ ਨਾਲ ਖਤਰਾ ਖੜ੍ਹਾ ਹੋ ਗਿਆ ਹੈ। ਇਥੇ ਹੀ ਰੇਲਵੇ ਪੁਲ ਦੇ ਨਾਲ ਲੱਗਦੀ ਹਿਮਾਚਲ ਦੇ ਢਾਂਗੂ ਪੀਰ ਪਿੰਡ ਦੀ ਜ਼ਮੀਨ ਨੂੰ ਵੀ ਚੱਕੀ ਦਰਿਆ ਨੇ ਕਾਫੀ ਖੋਰਾ ਲਗਾਇਆ।

Advertisement

ਪਠਾਨਕੋਟ ਦੇ ਮਲਿਕਪੁਰ ਸਥਿਤ ਰਘੂਨਾਥ ਕਲੌਨੀ ਵਿੱਚ ਵੀ ਛੋਟੀ ਨਹਿਰ ਦਾ ਪਾਣੀ ਓਵਰਫਲੋਅ ਹੋ ਜਾਣ ਨਾਲ ਪੂਰੀ ਕਲੋਨੀ ਵਿੱਚ ਪਾਣੀ ਭਰ ਗਿਆ ਹੈ। ਨਹਿਰੀ ਵਿਭਾਗ ਦੇ ਐੱਸਡੀਓ ਮੋਹਿਤ ਅਤੇ ਜੇਈ ਤਰਸੇਮ ਨੇ ਅੱਜ ਮੌਕੇ ’ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਇਲਾਵਾ ਸੁਜਾਨਪੁਰ ਅੰਦਰ ਵੀ ਪਾਣੀ ਨੇ ਕਾਫੀ ਤਬਾਹੀ ਮਚਾਈ। ਸੁਜਾਨਪੁਰ ਦਾ ਪੁਲੀਸ ਥਾਣਾ, ਸਾਂਝ ਕੇਂਦਰ ਅਤੇ ਬੀਡੀਪੀਓ ਦਫਤਰ ਪਾਣੀ ਵਿੱਚ ਡੁੱਬ ਗਏ। ਲੋਕ ਆਪਣੇ ਜ਼ਰੂਰੀ ਕੰਮ ਲਈ ਥਾਣੇ ਅਤੇ ਸਾਂਝ ਕੇਂਦਰ ਪਹੁੰਚੇ ਸਨ, ਪਰ ਕਮਰੇ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਨਾ ਤਾਂ ਉਹ ਥਾਣੇ ਦੇ ਅੰਦਰ ਜਾ ਸਕੇ ਅਤੇ ਨਾ ਹੀ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕੇ। ਅਜ਼ੀਜ਼ਪੁਰ ਨੂੰ ਜਾਣ ਵਾਲੀ ਸੜਕ ’ਤੇ ਇੱਕ ਦਰੱਖਤ ਡਿੱਗ ਪਿਆ। ਜਿਸ ਕਾਰਨ ਕਾਫੀ ਸਮਾਂ ਟ੍ਰੈਫਿਕ ਜਾਮ ਰਿਹਾ ਤੇ ਅਖੀਰੀ ਲੋਕਾਂ ਨੇ ਖੁਦ ਹੀ ਦਰਖਤ ਨੂੰ ਪਾਸੇ ਹਟਾਇਆ ਤੇ ਫਿਰ ਟ੍ਰੈਫਿਕ ਚਾਲੂ ਹੋ ਸਕਿਆ।

ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿੱਚ ਵਗਦਾ ਸ਼ਿੰਗਾਰਵਾਂ ਨਾਲਾ ਅਤੇ ਬਮਿਆਲ ਖੇਤਰ ਵਿੱਚ ਵਗਦਾ ਜਲਾਲੀਆ ਨਾਲਾ ਪੂਰੀ ਤਰ੍ਹਾਂ ਪਾਣੀ ਨਾਲ ਉਛਲ ਗਏ ਜਿਸ ਕਾਰਨ ਇਲਾਕੇ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ। ਇਲਾਕੇ ਦੀਆਂ ਜ਼ਿਆਦਾਤਰ ਲਿੰਕ ਸੜਕਾਂ ’ਤੇ ਪਾਣੀ ਦੇ ਤੇਜ਼ ਬਹਾਅ ਕਾਰਨ ਕਈ ਪਿੰਡਾਂ ਦਾ ਸਿੱਧਾ ਸੰਪਰਕ ਟੁੱਟ ਗਿਆ। ਬਮਿਆਲ ਦਾ ਮਗਵਾਲ ਚੌਂਕ ਵਾਲਾ ਪੁਲੀਸ ਨਾਕਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ। ਜ਼ਿਆਦਾ ਪਾਣੀ ਕਾਰਨ ਨਰੋਟ ਜੈਮਲ ਸਿੰਘ ਬੱਸ ਅੱਡਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ। ਇਸ ਤੋਂ ਇਲਾਵਾ ਬਿਜਲੀ ਦਫ਼ਤਰ ਨਰੋਟ ਜੈਮਲ ਸਿੰਘ ਅਤੇ ਕਸਬਾ ਬਮਿਆਲ ਦੀ ਪੁਲੀਸ ਚੌਂਕੀ ਵੀ ਪਾਣੀ ਵਿੱਚ ਡੁੱਬ ਗਈ। ਜਲਾਲੀਆ ਨਾਲੇ ਦਾ ਪਾਣੀ ਖੇਤਾਂ ਵਿੱਚ ਵੜ ਜਾਣ ਨਾਲ ਕਿਸਾਨਾਂ ਦੀਆਂ ਫਸਲਾਂ, ਜਾਨਵਰ ਅਤੇ ਚਾਰਾ ਪਾਣੀ ਵਿੱਚ ਡੁੱਬ ਗਿਆ।

Advertisement
×