ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਇਲਾਕੇ ਦੇ ਪਿੰਡ ਚੰਬਲ ਦੇ ਖੇਤਾਂ ਨੇੜਿਓਂ ਕੀਤੀ ਜਾ ਰਹੀ ਗੈਰਕਾਨੂੰਨੀ ਮਾਈਨਿੰਗ ਤੁਰੰਤ ਰੋਕੇ ਜਾਣ ਦੀ ਮੰਗ ਕੀਤੀ ਹੈ| ਜਥੇਬੰਦੀ ਦੀ ਜ਼ੋਨ ਇਕਾਈ ਦੇ ਕਾਰਜਕਾਰੀ ਪ੍ਰਧਾਨ ਨਿਸ਼ਾਨ ਸਿੰਘ ਅਤੇ ਸੰਘਰਸ਼ ਸਕੱਤਰ ਸੁਖਦੇਵ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਪਿੰਡ ਚੰਬਲ ਵਿੱਚ ਰੋਹੀ ਦੇ ਕਿਨਾਰੇ ਉੱਤੇ ਸੈਂਕੜੇ ਏਕੜ ਜ਼ਮੀਨ ਵਿੱਚੋਂ ਵੱਡੇ ਪੱਧਰ ਉੱਤੇ 10 ਤੋਂ 12 ਫੁੱਟ ਤੱਕ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਲਈ ਉੱਥੇ ਭਾਰੀ ਮਸ਼ੀਨਰੀ ਲੱਗੀ ਹੋਈ ਹੈ| ਇਸ ਥਾਂ ਦੇ ਨੇੜੇ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੈ| ਆਗੂਆਂ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਕਰਨ ਕਰਕੇ ਉੱਥੋਂ ਦੀਆਂ ਉੱਚੀਆਂ ਜ਼ਮੀਨਾਂ ਵਾਲਿਆਂ ਦੇ ਖੇਤਾਂ ਨੂੰ ਢਾਹ ਲੱਗ ਰਹੀ ਹੈ|ਇਸ ਸਬੰਧੀ ਸੰਪਰਕ ਕਰਨ ’ਤੇ ਮਾਈਨਿੰਗ ਵਿਭਾਗ ਦੇ ਐਕਸੀਅਨ ਸਾਹਿਲ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਦੀ ਜਾਂਚ ਲਈ ਆਪਣੇ ਅਧੀਨ ਅਧਿਕਾਰੀ ਨੂੰ ਮੌਕੇ ਦਾ ਨਿਰੀਖਣ ਕਰਨ ਲਈ ਭੇਜ ਦਿੱਤਾ ਹੈ| ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਇਸ ਮਾਮਲੇ ਵਿੱਚ ਸੱਤਾ ਧਿਰ ਦੇ ਇਕ ਵੱਡੇ ਆਗੂ ਦੀ ਸ਼ਮੂਲੀਅਤ ਹੋਣ ਦਾ ਦੋਸ਼ ਲਗਾਇਆ ਹੈ| ਇਸ ਬਾਰੇ ਮਾਈਨਿੰਗ ਵਿਭਾਗ ਦੇ ਐਕਸੀਅਨ ਸਾਹਿਲ ਨੇ ਕਿਹਾ ਕਿ ਇਕ ਥਾਂ ਤੋਂ ਕੇਵਲ ਚਾਰ ਫੁੱਟ ਤੱਕ ਹੀ ਮਿੱਟੀ ਚੁੱਕੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਹੋਣ ’ਤੇ ਉਹ ਕਾਰਵਾਈ ਕਰਨਗੇ|