ਜੇਲ੍ਹ ’ਚ ਹਵਾਲਾਤੀ ਦੀ ਮੌਤ ਸਬੰਧੀ ਪਰਿਵਾਰ ਨੇ ਇਨਸਾਫ਼ ਮੰਗਿਆ
ਗੁਰਬਖਸ਼ਪੁਰੀ
ਤਰਨ ਤਾਰਨ, 25 ਜੂਨ
ਕੁਝ ਦਿਨ ਪਹਿਲਾਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਭੇਤਭਰੀ ਹਾਲਤ ਵਿੱਚ ਮਾਰੇ ਗਏ ਸਰਬਜੀਤ ਸਿੰਘ (23) ਵਾਸੀ ਲਾਲੂ ਘੁੰਮਣ ਦੇ ਪਰਿਵਾਰ ਅਤੇ ਸਮਰਥਕਾਂ ਨੇ ਇਸ ਮਾਮਲੇ ਸਬੰਧੀ ਗੋਇੰਦਵਾਲ ਸਾਹਿਬ ਜੇਲ੍ਹ ਦੇ ਅਧਿਕਾਰੀਆਂ ਸਣੇ ਹੋਰ ਮੁਲਜ਼ਮਾਂ ਖ਼ਿਲਾਫ਼ ਫੌਜਦਾਰੀ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।
ਡੀਐੱਸਪੀ ਸਿਟੀ ਰਿਪੁਤਾਪਨ ਸਿੰਘ ਨੇ ਕਿਹਾ ਕਿ ਪੁਲੀਸ ਅਗਲੇਰੀ ਕਾਰਵਾਈ ਲਈ ਨਿਆਂਇਕ ਜਾਂਚ ਰਿਪੋਰਟ ਉਡੀਕ ਰਹੀ ਹੈ, ਜੋ ਕੇਸ ਦਰਜ ਕੀਤੇ ਜਾਣ ਦਾ ਆਧਾਰ ਬਣਦੀ ਹੈ। ਪਰਿਵਾਰ ਵੱਲੋਂ ਮਾਮਲੇ ਦੀ ਅਗਵਾਈ ਕਰ ਰਹੇ ਭਗਵਾਨ ਵਾਲਮੀਕ ਸੰਘਰਸ਼ ਦਲ ਦੇ ਸੂਬਾ ਪ੍ਰਧਾਨ ਸਾਹਿਬ ਸਿੰਘ ਨੇ ਕਿਹਾ ਕਿ ਉਹ ਲਾਸ਼ ਦਾ ਸਸਕਾਰ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਹੀ ਕਰਨਗੇ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਮੰਗ ਦੇ ਨਾ ਮੰਨੇ ਜਾਣ ’ਤੇ ਉਹ ਪ੍ਰਸ਼ਾਸਨ ਖ਼ਿਲਾਫ਼ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ। ਸੰਘਰਸ਼ ਦਲ ਵਾਲਿਆਂ ਨੇ 23 ਜੂਨ ਨੂੰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਕੌਮੀ ਮਾਰਗ ’ਤੇ ਧਰਨਾ ਦੇ ਕੇ ਘੰਟਿਆਂ ਤੱਕ ਲਈ ਆਵਾਜਾਈ ਰੋਕ ਕੇ ਰੱਖ ਦਿੱਤੀ ਸੀ ਜਿਸ ਨਾਲ ਪ੍ਰਸ਼ਾਸਨ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਸੀ। ਉਸੇ ਦਿਨ ਤੋਂ ਲਾਸ਼ ਇੱਥੋਂ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਘਰ ਵਿੱਚ ਰੱਖੀ ਹੋਈ ਹੈ, ਜਿੱਥੇ ਪੁਲੀਸ ਨੇ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਹੋਏ ਹਨ। ਪਰਿਵਾਰ ਵਾਲਿਆਂ ਵੱਲੋਂ ਸਸਕਾਰ ਕਰਨ ਲਈ ਸਹਿਮਤ ਨਾ ਹੋਣ ਕਰਕੇ ਪੁਲੀਸ ਨੇ ਜਿੱਥੇ ਲਾਸ਼ ਦੀ ਰਾਖੀ ਲਈ ਪੁਲੀਸ ਫੋਰਸ ਤਾਇਨਾਤ ਕੀਤੀ ਹੈ, ਉਥੇ ਪ੍ਰਸ਼ਾਸਨ ਨੂੰ ਫਿਰ ਤੋਂ ਆਵਾਜਾਈ ਜਾਮ ਕਰਕੇ ਧਰਨਾ ਦੇਣ ਦਾ ਵੀ ਖਦਸ਼ਾ ਹੈ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਭਾਰੀ ਪੁਲੀਸ ਫੋਸਰ ਤਾਇਨਾਤ ਕੀਤੀ ਗਈ ਸੀ।