ਮੱਕੀ ਦੀ ਫਸਲ ਉੱਪਰ ਫਾਲ ਆਰਮੀ ਵਰਮ ਨਾਮੀ ਕੀੜੇ ਦਾ ਹਮਲਾ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 7 ਜੁਲਾਈ
ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਗੁਰਦਾਸਪੁਰ ਡਾ. ਅਮਰੀਕ ਸਿੰਘ ਨੇ ਪਾਇਲਟ ਪ੍ਰਾਜੈਕਟ ਤਹਿਤ ਬਲਾਕ ਧਾਰੀਵਾਲ ਦੇ ਪਿੰਡ ਛੋਟੇਪੁਰ, ਅਵਾਣ, ਦੁਲਾਨੰਗਲ ਅਤੇ ਸਹਾਰੀ ਆਦਿ ਪਿੰਡਾਂ ਵਿੱਚ ਬੀਜੀ ਮੱਕੀ ਦੇ ਖੇਤਾਂ ਦਾ ਦੌਰਾ ਕਰਕੇ ਮੱਕੀ ਦੀ ਫਸਲ ਉਪਰ ਕੀੜਿਆਂ ਦੇ ਹਮਲੇ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਡਾ. ਦਿਲਬਾਗ ਸਿੰਘ ਖੇਤੀਬਾੜੀ ਵਿਕਾਸ ਅਫਸਰ, ਅਰਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਬਿਕਰਮ ਸਿੰਘ ਖੇਤੀਬਾੜੀ ਉਪ ਨਿਰੀਖਕ, ਡਾਕਟਰ ਰਾਜੀਵ ਖੋਖਰ ਸਹਾਇਕ ਮੰਡੀਕਰਨ ਅਫਸਰ, ਕਿਸਾਨ ਮਿੱਤਰ ਦਿਲਬਾਗ ਸਿੰਘ ਵੀ ਮੌਜੂਦ ਸਨ। ਪਿੰਡ ਛੋਟੇਪੁਰ ਦੇ ਉੱਦਮੀ ਕਿਸਾਨ ਮੇਜਰ ਸਿੰਘ ਦੇ ਖੇਤਾਂ ਵਿੱਚ ਮੱਕੀ ਦੀ ਫਸਲ ਦਾ ਜਾਇਜ਼ਾ ਲੈਣ ਸਮੇਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖੇਤੀ ਹੇਠੋਂ ਕੱਢ ਕੇ ਮੱਕੀ ਦੀ ਕਾਸ਼ਤ ਹੇਠਾਂ ਲਿਆਉਣ ਲਈ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੱਸਿਆ ਅਜੋਕੇ ਸਮੇਂ ਵਿੱਚ ਮੱਕੀ ਦੀ ਫਸਲ ਉੱਪਰ ਫਾਲ ਆਰਮੀ ਵਰਮ ਨਾਮੀ ਕੀੜੇ ਦਾ ਹਮਲਾ ਦੇਖਿਆ ਗਿਆ ਹੈ। ਇਸ ਕੀੜੇ ਦੀ ਪਹਿਚਾਣ ਪਿਛਲੇ ਸਿਰੇ ਵੱਲ ਚਾਰ ਵਰਗ ਬਣਾਉਂਦੇ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦੇ ਅੰਗਰੇਜੀ ਦੇ ਵਾਈ ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ। ਹਮਲੇ ਦੇ ਸ਼ੁਰੂਆਤੀ ਦੌਰ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਾਹ ਨੂੰ ਖੁਰਚ ਕੇ ਖਾਂਦੀਆਂ ਹਨ, ਜਿਸ ਕਾਰਨ ਪੱਤਿਆਂ ਉੱਪਰ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣ ਜਾਂਦੇ ਹਨ ਅਤੇ ਵੱਡੀਆ ਸੁੰਡੀਆਂ ਪੱਤਿਆਂ ਉੱਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾ ਦਿੰਦੀਆਂ ਹਨ ਅਤੇ ਹਮਲੇ ਵਾਲੀ ਗੋਭ ਵਿੱਚ ਕਾਫੀ ਮਾਤਰਾ ਵਿੱਚ ਕਾਲੀਆ ਵਿੱਠਾਂ ਦੇਖਣ ਨੂੰ ਮਿਲਦੀਆਂ ਹਨ। ਇਸ ਕੀੜੇ ਦੇ ਹਮਲੇ ਤੋਂ ਬਚਾਉਣ ਲਈ ਮੱਕੀ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਇਸ ਕੀੜੇ ਦੇ ਹਮਲੇ ਦੀ ਰੋਕਥਾਮ ਲਈ ਛਿੜਕਾਅ ਕਰਨ ਲਈ ਦਵਾਈਆਂ ਅਤੇ ਨੁਕਤੇ ਦੱਸਦਿਆਂ ਕਿਹਾ ਕੀਟਨਾਸ਼ਕ ਦਾ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਕਰਨਾ ਚਾਹੀਦਾ। ਡਾਕਟਰ ਰਾਜੀਵ ਖੋਖਰ ਸਹਾਇਕ ਮੰਡੀਕਰਨ ਅਫਸਰ ਨੇ ਦੱਸਿਆ ਇਸ ਵਾਰ ਪੰਜਾਬ ਸਰਕਾਰ ਮੱਕੀ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ’ਤੇ ਕਰਨ ਨੂੰ ਯਕੀਨੀ ਬਣਾਏਗੀ।