ਸਰਕਾਰੀ ਕਾਲਜ ਵਿੱਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ 26 ਜੂਨ
ਇੱਥੇ ਸਰਕਾਰੀ ਕਾਲਜ ਵਿੱਚ ਦੋ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਸੈਮੀਨਾਰ ਵਿੱਚ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਡਾ. ਐੱਸ.ਕੇ. ਮਿਸ਼ਰਾ, ਵਾਈਸ ਚਾਂਸਲਰ, ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਸ਼ਾਮਲ ਹੋਏ ਜਦ ਕਿ ਡਾ. ਰਿਸ਼ੀ ਰਾਜ ਸ਼ਰਮਾ, ਡੀਨ (ਅਕਾਦਮਿਕ), ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ, ਗੁਰਦਾਸਪੁਰ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਸੈਸ਼ਨ ਦੇ ਬੁਲਾਰਿਆਂ ਵਜੋਂ ਡਾ. ਖੁਸ਼ਵਿੰਦਰ ਕੁਮਾਰ, ਰਜਿਸਟਰਾਰ, ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਡਾ. ਜਸਪਾਲ ਵਰਵਲ, ਐਸੋਸੀਏਟ ਪ੍ਰੋਫੈਸਰ, ਜੰਮੂ ਯੂਨੀਵਰਸਿਟੀ ਨੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਕਿਹਾ,‘ਗੁਰਦਾਸਪੁਰ ਜ਼ਿਲ੍ਹੇ ਅੰਦਰ ਵੱਖ-ਵੱਖ ਵਿੱਦਿਅਕ ਸੰਸਥਾਨ ਇੱਕ ਦੂਸਰੇ ਦੇ ਪੂਰਕ ਹਨ। ਸਾਡੇ ਕੋਲ ਅਜਿਹੀਆਂ ਸਹੂਲਤਾਂ ਹਨ ਜਿਸ ਕਰਕੇ ਵਿੱਦਿਅਕ ਢਾਂਚੇ ਨੂੰ ਸੁਧਾਰ ਵੱਲ ਤੋਰ ਸਕਦੇ ਹਾਂ। ਅਜੋਕੇ ਸਮੇਂ ਵਿੱਚ ਹਾਈਬ੍ਰਿਡ ਮੋਡ ਆਫ਼ ਟੀਚਿੰਗ ਬਾਰੇ ਚਰਚਾ ਕਰ ਰਹੇ ਹਾਂ ਜਿਸ ਵਿੱਚ ਸਰਕਾਰਾਂ ਵੀ ਲਗਾਤਾਰ ਸੁਧਾਰ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਭਵਿੱਖ ਵਿੱਚ ਕੋਸ਼ਿਸ਼ ਕੀਤੀ ਜਾਵੇਗੀ ਕਿ ਕਾਲਜ ਦਾ ਅਧਿਆਪਨ ਅਮਲਾ ਵੀ ਮੁਹਾਰਤ ਹਾਸਲ ਕਰੇ।’
ਡਾ. ਐੱਸ.ਕੇ. ਮਿਸ਼ਰਾ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਕਿਹਾ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਰੋਲ ਮਾਡਲ ਹੁੰਦਾ ਹੈ। ਉਨ੍ਹਾਂ ਕਲਾਸ-ਰੂਮ ਅਧਿਆਪਨ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਨਜਿੱਠਣ ਦੀਆਂ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ।
ਪਹਿਲੇ ਸੈਸ਼ਨ ਦੇ ਬੁਲਾਰੇ ਡਾ. ਖੁਸ਼ਵਿੰਦਰ ਕੁਮਾਰ ਨੇ ਉਚੇਰੀ ਸਿੱਖਿਆ ਪ੍ਰਤੀ ਸੰਪੂਰਨ ਅੰਤਰ-ਅਨੁਸ਼ਾਸਨੀ ਸਿੱਖਣ ਵਿਧੀ ਬਾਰੇ ਚਰਚਾ ਕੀਤੀ ਜਿਸ ਵਿੱਚ ਕੋਰਸ ਕਰੈਡਿਟ ਸਿਸਟਮ ’ਤੇ ਗੱਲ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅੰਦਰ ਅੰਤਰ ਅਧਿਐਨ ਦਾ ਮੁਲਾਂਕਣ, ਵਿਦਿਆਰਥੀਆਂ ਅੰਦਰ ਪ੍ਰਸ਼ਨ ਪੈਦਾ ਕਰਨ ਦੀ ਆਦਤ ਅਤੇ ਵੱਖ ਵੱਖ ਸਿੱਖਣ ਵਿਧੀ ਪਹੁੰਚ ਬਣਾਉਣਾ ਲਾਜ਼ਮੀ ਹੈ। ਡਾ. ਜਸਪਾਲ ਵਰਵਲ ਨੇ ਕਿਹਾ ਕਿ ਗਰੁੱਪ ਲਰਨਿੰਗ/ਪੀਅਰ ਗਰੁੱਪ ਲਰਨਿੰਗ ਇੱਕ ਪ੍ਰਭਾਵਸ਼ਾਲੀ ਰੋਲ ਅਦਾ ਕਰਦੀ ਹੈ ।