ਕਾਲਜ ’ਚ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ
ਐੱਨਪੀ ਧਵਨ
ਪਠਾਨਕੋਟ, 20 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਰਾਕੇਸ਼ ਮੋਹਨ ਸ਼ਰਮਾ ਦੀ ਅਗਵਾਈ ਹੇਠ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਰਵਾਇਤੀ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ।
ਕਾਲਜ ਦੇ ਐੱਮਏ ਪੰਜਾਬੀ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਟਾਲ ਲਾ ਕੇ ਪੰਜਾਬੀ ਸੰਸਕ੍ਰਿਤੀ ਦੀਆਂ ਜਿਨ੍ਹਾਂ ਵਸਤੂਆਂ ਦੀ ਨੁਮਾਇਸ਼ ਲਾਈ ਗਈ, ਉਨ੍ਹਾਂ ਵਿੱਚ ਫੁਲਕਾਰੀ ਦੇ ਵੱਖ-ਵੱਖ ਰੂਪ ਚੋਪ, ਸੁੱਭਰ, ਬਾਗ ਆਦਿ, ਦਸੂਤੀ ਦੀ ਕਢਾਈ ਵਾਲੀਆਂ ਚਾਦਰਾਂ, ਕਰੋਸ਼ੀਏ ਤੋਂ ਕੱਢੇ ਰੁਮਾਲ, ਮੇਜ਼ ਪੋਸ਼, ਚਰਖਾ, ਖੇਤੀਬਾੜੀ ਨਾਲ ਸਬੰਧਿਤ ਸੰਦ- ਜਿਵੇਂ ਕਿ ਕਹੀ, ਦਾਤਰੀ, ਰੰਬਾ, ਦਾਤਰ, ਕੁਹਾੜੀ, ਹਲ, ਗੱਡਾ, ਰੇਹੜਾ ਆਦਿ, ਚੁੱਲ੍ਹੇ ਚੌਂਕੇ ਨਾਲ ਸਬੰਧਿਤ ਵਸਤੂਆਂ ਜਿਵੇਂ ਚੁੱਲ੍ਹਾ, ਪਰਾਤ, ਲੋਹ, ਚਿਮਟਾ, ਤਵਾ, ਚਕਲਾ, ਵੇਲਣਾ, ਪਿੱਤਲ ਦੇ ਭਾਂਡੇ, ਪਤੀਲਾ, ਗਲਾਸ, ਤਸਲਾ, ਛੰਨਾ, ਜੱਗ, ਕੜਾਹੀ, ਗਾਗਰ ਤੋਂ ਇਲਾਵਾ, ਛਿੱਕੂ, ਛੱਜ, ਲੈਂਪ, ਚੰਗੇਰ, ਘੜਾ, ਦੀਵਾ, ਕੁੱਜਾ, ਘੜਵੰਜੀ, ਚੱਪਣੀ, ਡਮਰੂ ਤੇ ਅੰਗੀਠੀ ਆਦਿ ਸ਼ਾਮਲ ਸਨ। ਪ੍ਰਦਰਸ਼ਨੀ ਵਿੱਚ ਵਾਣ ਦਾ ਮੰਜਾ ਅਤੇ ਪੁਰਾਤਨ ਸਮੇਂ ਦੇ ਹੁੱਕਾ ਸਭਨਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਇਸ ਮੌਕੇ ਸਾਗ, ਮੱਕੀ ਦੀ ਰੋਟੀ, ਮਾਂਹ ਦੇ ਛੋਲਿਆਂ ਦੀ ਦਾਲ, ਚਟਨੀ, ਖਿੱਲਾਂ, ਗੁੜ ਦੇ ਸ਼ੱਕਰਪਾਰੇ, ਲੱਡੂ, ਮੁਰਵੜੇ, ਪਾਪੜ, ਫੁੱਲ ਵੜੀਆਂ ਖੰਡ ਦੇ ਗੋਲੇ, ਪਾਪੜ ਆਦਿ ਵੀ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ। ਇਸ ਮੌਕੇ ਡਾ. ਸੁਖਵਿੰਦਰ ਸਿੰਘ ਅਤੇ ਸਮੂਹ ਸਟਾਫ਼ ਮੌਜੂਦ ਸਨ।