‘ਫ਼ਲਸਤੀਨੀ ਲੋਕਾਂ ਨੂੰ ਆਜ਼ਾਦੀ ਦਾ ਹੱਕ’ ਸਬੰਧੀ ਸਮਾਗਮ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵੱਲੋਂ ਫਲਸਤੀਨ ਲੋਕਾਂ ਦੀ ਆਜ਼ਾਦੀ ਦੀ ਮੰਗ ਦਾ ਜ਼ੋਰਦਾਰ ਸਮਰਥਨ ਕਰਨ ਲਈ ‘ਫ਼ਲਸਤੀਨੀ ਲੋਕਾਂ ਨੂੰ ਆਜ਼ਾਦੀ ਦਾ ਹੱਕ’ ਵਿਸ਼ੇ ਸਬੰਧੀ ਸਮਾਗਮ ਸਥਾਨਕ ਕੰਪਨੀ ਬਾਗ਼ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਇਜ਼ਰਾਈਲ ਵੱਲੋਂ ਫ਼ਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਕਤਲੇਆਮ ਅਤੇ ਨਸਲਕੁਸ਼ੀ ਨੂੰ ਬੰਦ ਕਰਨ ਦੇ ਇਲਾਵਾ ਫਲਸਤੀਨ ਨੂੰ ਆਜ਼ਾਦ ਕਰਨ ਦੀ ਮੰਗ ਕੀਤੀ ਗਈ। ਜਥੇਬੰਦੀ ਨੇ ਮੋਦੀ ਸਰਕਾਰ ਵੱਲੋਂ ਇਜ਼ਰਾਈਲ ਦੀ ਤਾਨਾਸ਼ਾਹੀ ਦੀ ਕੀਤੀ ਜਾ ਰਹੀ ਸਿੱਧੀ ਹਮਾਇਤ ਦੀ ਨਿਖੇਧੀ ਕੀਤੀ।
ਜਮਹੂਰੀ ਚਿੰਤਕ ਡਾ.ਪਰਮਿੰਦਰ ਨੇ ਕਿਹਾ ਕਿ ਇਜ਼ਰਾਈਲ ਦੀ ਫੌਜ ਵੱਲੋਂ ਫਲਸਤੀਨ ਉੱਤੇ ਕਬਜ਼ਾ ਕਰਨ ਦੀ ਤਾਨਾਸ਼ਾਹੀ ਨੀਤੀ ਵਜੋਂ ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ਦੇ ਖੇਤਰਾਂ ਵਿੱਚ ਕੀਤੇ ਹਵਾਈ ਹਮਲਿਆਂ ਵਿੱਚ ਹੁਣ ਤੱਕ ਸੱਤਰ ਹਜ਼ਾਰ ਤੋਂ ਵੱਧ ਫ਼ਲਸਤੀਨੀ ਨਾਗਰਿਕ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਛੋਟੇ ਬੱਚੇ ਅਤੇ ਔਰਤਾਂ ਸ਼ਾਮਿਲ ਹਨ। ਇਹ ਕੋਈ ਜੰਗ ਨਹੀਂ ਬਲਕਿ ਇਜ਼ਰਾਈਲ-ਅਮਰੀਕਾ ਦੀ ਮਿਲੀਭੁਗਤ ਨਾਲ ਸਾਜਿਸ਼ ਹੇਠ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਜਿਸ ਦੇ ਖ਼ਿਲਾਫ਼ ਸਮੂਹ ਲੋਕ ਪੱਖੀ ਅਤੇ ਨਿਆਂ ਪਸੰਦ ਜਮਹੂਰੀ ਤਾਕਤਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਸੂਬਾਈ ਤਰਕਸ਼ੀਲ ਆਗੂ ਸੁਮੀਤ ਅੰਮ੍ਰਿਤਸਰ ਨੇ ਫਲਸਤੀਨ ਦੀ ਆਜ਼ਾਦੀ ਦਾ ਸਮਰਥਨ ਕੀਤਾ। ਜਸਪਾਲ ਬਾਸਰਕੇ, ਪ੍ਰਿੰ. ਮੇਲਾ ਰਾਮ ਅਤੇ ਐਡਵੋਕੇਟ ਅਮਰਜੀਤ ਬਾਈ ,ਜਮਹੂਰੀ ਆਗੂ ਯਸ਼ਪਾਲ ਝਬਾਲ ,ਕਿਸਾਨ ਆਗੂ ਗੁਰਬਚਨ ਸਿੰਘ ਅਤੇ ਤਰਕਸ਼ੀਲ ਆਗੂ ਦਮਨਜੀਤ ਕੌਰ ਨੇ ਵੀ ਫਲਸਤੀਨੀ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।