ਮੱਕੀ ਦੀ ਕਾਸ਼ਤ ਹੇਠ ਰਕਬਾ ਵਧਾਉਣ ਦੀ ਲੋੜ ’ਤੇ ਜ਼ੋਰ
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 2 ਜੂਨ
ਮੱਕੀ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਖੇਤੀਬਾੜੀ ਦਫਤਰ ਕਾਦੀਆਂ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ। ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਲੱਗੇ ਇਸ ਕੈਂਪ ਵਿੱਚ ਪੰਜਾਬ ਵਿਕਾਸ ਕਮਿਸ਼ਨ ਚੰਡੀਗੜ੍ਹ ਤੋਂ ਖੋਜ ਅਫਸਰ ਸਹਿਜਦੀਪ ਕੌਰ ਪਹੁੰਚੇ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਕਾਸ਼ਤ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਭਵਿੱਖ ਦੀ ਖੇਤੀ ਨੂੰ ਟਿਕਾਊ ਬਣਾਉਣ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ 2500 ਹੈਕਟੇਅਰ ਰਕਬਾ ਝੋਨੇ ਦੀ ਖੇਤੀ ਹੇਠੋਂ ਕੱਢ ਕੇ ਮੱਕੀ ਦੀ ਕਾਸ਼ਤ ਹੇਠਾਂ ਲਿਆਉਣ ਲਈ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰਾਜੈਕਟ ਤਹਿਤ ਝੋਨੇ ਦੀ ਖੇਤੀ ਕਰਨ ਦੀ ਬਿਜਾਏ ਸਾਉਣੀ ਰੁੱਤ ਵਾਲੀ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਏ ਬਤੌਰ ਪ੍ਰੋਤਸਾਹਨ ਰਾਸ਼ੀ ਵਜੋਂ ਸਿੱਧੇ ਬੈਂਕ ਖਾਤਿਆਂ ਵਿੱਚ ਦਿੱਤੇ ਜਾਣਗੇ। ਸੀਨੀਅਰ ਖੋਜ ਅਫਸਰ ਸਹਿਜਦੀਪ ਕੌਰ ਨੇ ਮੱਕੀ ਦੀ ਪ੍ਰਮੋਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਬਾਰੇ ਜਾਣੂ ਕਰਵਾਇਆ। ਖੇਤੀਬਾੜੀ ਅਫਸਰ ਡਾ. ਸ਼ਾਹਬਾਜ਼ ਸਿੰਘ ਨੇ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਸਾਉਣੀ ਰੁੱਤੇ ਮੱਕੀ ਦੀ ਬਿਜਾਈ ਕਰਨ ’ਤੇ ਜ਼ੋਰ ਦਿੱਤਾ। ਡਾ. ਜਾਮਨੀ ਨੇ ਦੱਸਿਆ ਝੋਨੇ ਦੇ ਬਰਾਬਰ ਮੱਕੀ ਦੀ ਫਸਲ ਤੋਂ ਮੁਨਾਫਾ ਲੈਣ ਲਈ ਪ੍ਰਤੀ ਏਕੜ 33 ਹਜ਼ਾਰ ਬੂਟਿਆਂ ਦਾ ਹੋਣਾ ਜ਼ਰੂਰੀ। ਇਸ ਮੌਕੇ ਸਟੇਜ ਦੀ ਭੂਮਿਕਾ ਡਾ: ਜੋਬਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਕਾਦੀਆਂ ਨੇ ਨਿਭਾਈ। ਕੈਂਪ ਵਿੱਚ ਡਾ. ਜਰਮਨ ਸਿੰਘ ਖੇਤੀਬਾੜੀ ਅਫਸਰ, ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ,ਮਿਸ ਦੀਪਤੀ ਫਾਰਮ ਮੈਨੇਜਰ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ , ਮਨਪ੍ਰੀਤ ਸਿੰਘ , ਹਰਪ੍ਰੀਤ ਸਿੰਘ (ਏ.ਈ.ਓ), ਹਰਜਿੰਦਰ ਸਿੰਘ ਨੰਬਰਦਾਰ ਕਾਹਲਵਾਂ, ਸਤਨਾਮ ਸਿੰਘ ਨਾਥਪੁਰ, ਅਵਤਾਰ ਸਿੰਘ ਬਸਰਾਵਾਂ ਸਮੇਤ ਇਲਾਕੇ ਦੇ ਕਿਸਾਨ ਸ਼ਾਮਲ ਸਨ।