ਨਸ਼ਾ ਤਸਕਰੀ: ਸਰਹੱਦੀ ਖੇਤਰ ’ਚੋਂ ਪੰਜ ਕਾਬੂ
ਬੀਐੱਸਐੱਫ ਨੇ ਅੰਮ੍ਰਿਤਸਰ ਸਰਹੱਦੀ ਖੇਤਰ ਵਿੱਚ ਵੱਖ-ਵੱਖ ਥਾਵਾਂ ਤੋਂ ਨਸ਼ਾ ਤਸਕਰੀ ਦੇ ਦੋਸ਼ ਹੇਠ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਪਿਸਤੌਲ, ਗੋਲਾ ਬਾਰੂਦ ਅਤੇ ਹੈਰੋਇਨ ਬਰਾਮਦ ਕੀਤੀ ਹੈ। ਬੀਐੱਸਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਡਰੋਨ ਦੀ ਗਤੀਵਿਧੀ ਦਾ ਪਤਾ ਲੱਗਣ ’ਤੇ ਬੀਐੱਸਐੱਫ ਜਵਾਨਾਂ ਨੇ ਇਸ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਸਰਹੱਦੀ ਪਿੰਡ ਭੈਣੀ ਰਾਜਪੂਤਾਂ ਦੇ ਨਾਲ ਲੱਗਦੇ ਖੇਤ ਵਿੱਚੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਇਨ੍ਹਾਂ ਵਿੱਚੋਂ ਕੁੱਲ ਇਕ ਕਿਲੋ 680 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇੱਕ ਹੋਰ ਘਟਨਾ ਵਿੱਚ ਜਵਾਨਾਂ ਨੇ ਇਸੇ ਖੇਤਰ ਵਿੱਚ ਘਰ ਦੀ ਤਲਾਸ਼ੀ ਦੌਰਾਨ ਤਿੰਨ ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਦੋ ਪੈਕੇਟ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚੋਂ ਪਿਸਤੌਲ, ਦੋ ਮੈਗਜ਼ੀਨ, 63 ਕਾਰਤੂਸ ਅਤੇ ਚਾਰ ਮੋਬਾਈਲ ਫੋਨ ਸ਼ਾਮਿਲ ਸਨ। ਇਹ ਸਾਰੇ ਪਿੰਡ ਭੈਣੀ ਰਾਜਪੂਤਾਂ ਦੇ ਹੀ ਵਾਸੀ ਹਨ, ਇਨ੍ਹਾਂ ਨੂੰ ਕਾਬੂ ਕਰਨ ਤੋਂ ਬਾਅਦ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਬੀਤੀ ਸ਼ਾਮ ਇੱਕ ਹੋਰ ਅਜਿਹੀ ਘਟਨਾ ਵਿੱਚ ਬੀਐੱਸਐੱਫ ਜਵਾਨਾਂ ਨੇ ਸਰਹੱਦੀ ਪਿੰਡ ਰੋੜਾਂਵਾਲਾ ਕਲਾ ਦੇ ਨੇੜੇ ਦੋ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਤਿੰਨ ਪੈਕੇਟ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚੋਂ ਇਕ ਕਿਲੋ 750 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਮੋਟਰਸਾਈਕਲ, ਭਾਰਤੀ ਕਰੰਸੀ, ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਹ ਵਿਅਕਤੀ ਪਿੰਡ ਡਾਂਡੇ ਅਤੇ ਅਟਾਰੀ ਦੇ ਵਸਨੀਕ ਹਨ। ਇਨ੍ਹਾਂ ਨੂੰ ਅਗਲੇਰੀ ਜਾਂਚ ਵਾਸਤੇ ਐੱਨਸੀਬੀ ਦੇ ਹਵਾਲੇ ਕੀਤਾ ਗਿਆ ਹੈ।