ਬੀ ਐੱਸ ਐੱਫ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਸਰਹੱਦੀ ਖੇਤਰ ਵਿੱਚ ਸਰਹੱਦ ਪਾਰੋਂ ਆਏ ਡਰੋਨ ,ਹੈਰੋਇਨ ਅਤੇ ਗੋਲੀਆਂ ਆਦਿ ਬਰਾਮਦ ਕੀਤੀਆਂ ਹਨ। ਇਸ ਸਬੰਧੀ ਬੀ ਐੱਸ ਐੱਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਅੱਜ ਇਸ ਮਾਮਲੇ ਵਿੱਚ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਬੀ ਐੱਸ ਐੱਫ ਜਵਾਨਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬਾਗੜੀਆਂ ਨੇੜੇ ਖੇਤਾਂ ਵਿੱਚੋਂ ਡਰੋਨ ਬਰਾਮਦ ਕੀਤਾ ਹੈ। ਇਹ ਡਰੋਨ ਡੀ ਜੀ ਆਈ ਮੈਵਿਕ ਤਿੰਨ ਕਲਾਸਿਕ ਸ਼੍ਰੇਣੀ ਨਾਲ ਸਬੰਧਿਤ ਹੈ। ਇਸ ਤੋਂ ਇਲਾਵਾ ਇੱਕ ਹੋਰ ਕਾਰਵਾਈ ਦੌਰਾਨ ਬੀ ਐੱਸ ਐੱਫ ਨੇ ਸਰਹੱਦੀ ਪਿੰਡ ਭੈਣੀ ਦੇ ਕੋਲੋਂ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਵਿੱਚ ਦੋ ਕਿਲੋ 245 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇਹ ਕਾਰਵਾਈ ਬੀ ਐੱਸ ਐੱਫ ਦੇ ਜਵਾਨਾਂ ਵੱਲੋਂ ਇੱਕ ਡਰੋਨ ਦੀ ਸ਼ੱਕੀ ਗਤੀਵਿਧੀ ਤੋਂ ਬਾਅਦ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਕੀਤੀ ਹੈ।ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਤਰਨ ਤਾਰਨ ਦੇ ਸਰਹੱਦੀ ਖੇਤਰ ਦੇ ਪਿੰਡ ਬੁਰਜ ਦੇ ਕੋਲੋਂ ਇੱਕ ਪੈਕੇਟ ਹੈਰੋਇਨ ਬਰਾਮਦ ਹੋਈ ਹੈ, ਜਿਸ ਵਿੱਚ 550 ਗ੍ਰਾਮ ਨਸ਼ੀਲਾ ਪਦਾਰਥ ਸੀ। ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਇੱਕ ਹੋਰ ਕਾਰਵਾਈ ਦੌਰਾਨ ਬੀ ਐੱਸ ਐੱਫ ਦੇ ਜਵਾਨਾਂ ਨੇ ਪਿੰਡ ਨੌਸ਼ਹਿਰਾ ਢੱਲਾ ਦੇ ਕੋਲੋਂ ਇੱਕ ਸ਼ੱਕੀ ਗਤੀਵਿਧੀ ਦਾ ਪਤਾ ਲਾਉਣ ਲਈ ਕੀਤੀ ਕਾਰਵਾਈ ਤਹਿਤ ਜੋੜੇ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਪਿਸਤੌਲ ਦੇ ਪੰਜ ਮੈਗਜ਼ੀਨ, ਅੱਠ ਕਾਰਤੂਸ, ਇੱਕ ਸਕੂਟਰ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਹ ਦੋਵੇਂ ਪਤੀ ਪਤਨੀ ਹਨ ਅਤੇ ਤਰਨ ਤਾਰਨ ਦੇ ਪਿੰਡ ਭੋਜੀਆ ਦੇ ਵਸਨੀਕ ਹਨ।