ਡਾ. ਕੰਵਰਪਾਲ ਸਿੰਘ ਨੂੰ ਮਿਲਿਆ ‘ਯੁਵਾ ਵਿਗਿਆਨੀ’ ਸਨਮਾਨ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 14 ਜੁਲਾਈ
ਪੰਜਾਬ ਅਤੇ ਸਿੱਖ ਹਲਕਿਆਂ ਲਈ ਇਹ ਗੱਲ ਖੁਸ਼ੀ ਨਾਲ ਪੜ੍ਹੀ ਜਾਣ ਵਾਲੀ ਹੈ ਕਿ ਰਸਾਇਣ ਵਿਗਿਆਨ ਦੇ ਖੋਜ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਹਰ ਸਾਲ ਦਿੱਤਾ ਜਾਣ ਵਾਲਾ ‘ਮੈਗਨੈਟਿਕ ਰੈਜੋਨੈਂਸ ਇਨ ਕੈਮਿਸਟਰੀ ਐਵਾਰਡ’ ਕੈਂਬਰਿਜ ਯੂਨੀਵਰਸਿਟੀ ਇੰਗਲੈਂਡ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਕੰਵਰਪਾਲ ਸਿੰਘ ਨੂੰ ਫਿਨਲੈਂਡ ਵਿੱਚ ਪ੍ਰਦਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਐਵਾਰਡ ਅੰਤਰਰਾਸ਼ਟਰੀ ਖੋਜ ਪੱਤ੍ਰਿਕਾ ‘ਵਿਲੇਅ’ ਵੱਲੋਂ ਸੰਸਾਰ ਭਰ ਵਿੱਚੋਂ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਕਾਰਜਸ਼ੀਲ ਦੋ ਯੁਵਾ ਵਿਗਿਆਨੀਆਂ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਇਹ ਸਨਮਾਨ ਫਿਨਲੈਂਡ ਵਿੱਚ ਕਰਵਾਈ ਗਈ ਯੂਰਪੀਅਨ ਮੈਗਨੈਟਿਕ ਰੈਜੋਨੈਂਸ ਕਾਨਫਰੰਸ ਵਿੱਚ ਦਿੱਤਾ ਗਿਆ। ਉਨ੍ਹਾਂ ਜਰਮਨੀ ਦੀ ਆਕਨ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਤੋਂ ਪੀਐੱਚਡੀ ਦੀ ਡਿਗਰੀ ਇਸੇ ਵਿਸ਼ੇ ਵਿੱਚ ਹਾਸਿਲ ਕੀਤੀ ਹੋਈ ਹੈ ਅਤੇ ਉਨ੍ਹਾਂ ਦਾ ਇਸ ਖੇਤਰ ਦੇ ਪ੍ਰਸਿੱਧ ਵਿਗਿਆਨੀਆਂ ਪ੍ਰੋ. ਬਰਨਹਾਰਡ ਬਲੂਮਿਸ਼, ਆਕਨ ਯੂਨੀਵਰਸਿਟੀ ਜਰਮਨੀ ਅਤੇ ਪ੍ਰੋ. ਲੂਸੀਓ ਫਰਾਈਡਮਨ, ਵੀਜ਼ਮਨ ਵਿਗਿਆਨ ਸੰਸਥਾ ਇਜ਼ਰਾਇਲ ਨਾਲ ਕੰਮ ਕਰਨ ਦਾ ਵੀ ਲੰਮਾ ਤਜ਼ਰਬਾ ਹੈ। ਦੱਸਣਯੋਗ ਹੈ ਕਿ ਕੰਵਰਪਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਉੱਤਰੀ ਭਾਰਤ ਦੀ ਖੋਜਾਰਥੀਆਂ/ਵਿਦਿਆਰਥੀਆਂ ਦੀ ਖੋਜ ਸੰਸਥਾ ਨਾਦ ਪ੍ਰਗਾਸੁ ਨਾਲ ਜੁੜੇ ਰਹੇ ਹਨ ਅਤੇ ਮੌਜੂਦਾ ਸਮੇਂ ਇਸ ਸੰਸਥਾ ਦੇ ਵਿਗਿਆਨ-ਦਰਸ਼ਨ ਨਾਲ ਸੰਬੰਧਤ ਵਿਦਿਆਰਥੀ ਇਕਾਈ ਦੀ ਅਗਵਾਈ ਵੀ ਕਰ ਰਹੇ ਹਨ।
ਕੰਵਰਪਾਲ ਸਿੰਘ ਨੂੰ ਇਹ ਅਵਾਰਡ ਪ੍ਰਦਾਨ ਕੀਤੇ ਜਾਣ ਮੌਕੇ ਪ੍ਰਸਿੱਧ ਵਿਗਿਆਨੀ ਪ੍ਰੋ. ਡੇਮ ਕਲੇਅਰ, ਕੈਂਬਰਿਜ ਯੂਨੀਵਰਸਿਟੀ ਇੰਗਲੈਂਡ, ਪ੍ਰੋ. ਜੈਫਰੇਰੀਮਰ ਬਰਕਲੇ ਯੂਨੀਵਰਸਿਟੀ ਅਮਰੀਕਾ ਅਤੇ ਪ੍ਰੋ. ਪੈਟਰਿਕ ਗਰਾਡਿਓ ਓਲੂ ਯੂਨੀਵਰਸਿਟੀ ਫਰਾਂਸ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।