ਰਾਵੀ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਅਜਨਾਲਾ ਤਹਿਸੀਲ ਦੇ ਤਕਰੀਬਨ 40 ਪਿੰਡਾਂ ਵਿੱਚ ਲੋਕ ਪ੍ਰਭਾਵਿਤ ਹੋਏ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਦੁਬਾਰਾ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿੱਚ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਪੁਲੀਸ, ਫ਼ੌਜ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਇਹ ਟੀਮਾਂ ਫ਼ੌਜ ਦੇ ਏਟੀਓਆਰ ਵਾਹਨਾਂ, ਕਿਸ਼ਤੀਆਂ ਅਤੇ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਹੜ੍ਹਾਂ ਵਿੱਚ ਘਿਰੇ ਪਿੰਡਾਂ ਤੇ ਡੇਰਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਲਿਆ ਰਹੀਆਂ ਹਨ। ਹੜ੍ਹ ਕਾਰਨ 14,000 ਦੇ ਕਰੀਬ ਆਬਾਦੀ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ। ਦੱਸਣਯੋਗ ਹੈ ਕਿ 27 ਅਗਸਤ ਦੇ ਸਵੇਰ ਧੁਸੀ ਬੰਨ੍ਹ ਤੋੜ ਕੇ ਪਾਣੀ ਰਿਹਾਇਸ਼ ਇਲਾਕੇ ’ਚ ਭਰ ਗਿਆ ਸੀ।
ਬਚਾਅ ਕਾਰਜਾਂ ਵਿੱਚ ਏਟੀਓਆਰ ਵਾਹਨ, ਕਿਸ਼ਤੀਆਂ ਅਤੇ ਹੋਰ ਵਾਹਨ ਫਸਣ ਦੀ ਸੂਰਤ ਵਿੱਚ ਕਰੇਨਾਂ ਲਗਾਤਾਰ ਕੰਮ ਕਰ ਰਹੀਆਂ ਹਨ। ਫ਼ਿਲਹਾਲ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਤ ਸਥਾਨਾਂ ’ਤੇ ਲਿਆਉਣ ਦਾ ਕੰਮ ਚੱਲ ਰਿਹਾ ਹੈ ਅਤੇ ਡਿਪਟੀ ਕਮਿਸ਼ਨਰ ਖ਼ੁਦ ਇਸ ਦੀ ਅਗਵਾਈ ਕਰ ਰਹੇ ਹਨ। ਪਿੰਡਾਂ ਵਿੱਚੋਂ ਲਿਆਂਦੇ ਗਏ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਜ਼ਿਲ੍ਹਾ ਪੰਚਾਇਤ ਅਫ਼ਸਰ ਸੰਦੀਪ ਮਲਹੋਤਰਾ ਨੇ ਦੱਸਿਆ ਕਿ ਇਸ ਪਾਣੀ ਕਾਰਨ ਘੋਨੇਵਾਲ, ਮਾਛੀਵਾਲ, ਨਿਸੋਕੇ, ਪੰਜਗਰਾਈਂ ਵਾਲਾ, ਘੁਮਰਾਏ, ਰੁੜੇਵਾਲ, ਦਰਿਆ ਮੂਸਾ, ਮਲਕਪੁਰਾ, ਗਿਲਾਂ ਵਾਲੀ, ਬੇਦੀ ਛੰਨਾ, ਚਾਹੜਪੁਰ, ਕਮੀਰਪੁਰਾ, ਬਲ ਲੱਭੇ ਦਰਿਆ, ਸਾਹੋਵਾਲ, ਬਜਵਾ, ਢਾਈ ਸਿੰਗਾਰਪੁਰਾ, ਜਗਦੇਵ ਖੁਰਦ, ਚੱਕਵਾਲਾ, ਭੈਣੀ ਗਿੱਲਾਂ, ਨੰਗਲ ਅੰਬ, ਗਾਲਿਬ, ਭਡਾਲ, ਸਮਰਾਏ, ਸੂਫੀਆਂ, ਦੁਜੋਵਾਲ, ਲੰਗਰਪੁਰਾ, ਮਲਕਪੁਰਾ, ਪੰਡੋਰੀ, ਰਮਦਾਸ, ਗੱਗੋ ਮਾਹਲ, ਲੰਗੋਮਹਲ, ਅਬੁਸੈਦ ਅਤੇ ਸੁਲਤਾਨ ਮਾਹਲ ਆਦਿ ਪਿੰਡ ਪ੍ਰਭਾਵਿਤ ਹੋਏ ਹਨ।